ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਟਰਾਂਸਪੋਰਟ ਨੂੰ ਘੇਰਾ ਪਾਇਆ ਹੈ। 'ਆਪ' ਨੇ ਕਿਹਾ ਹੈ ਕਿ ਸੁਖਬੀਰ ਟਰਾਂਸਪੋਰਟ ਮਾਫ਼ੀਆ ਦੀ ਕਾਲੀ ਕਮਾਈ ਦੀ ਵਰਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਲਈ ਕਰ ਰਹੇ ਹਨ। 'ਆਪ' ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਅਕਾਲੀ ਤੇ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਸੁਖਬੀਰ ਬਾਦਲ ਨੇ ਸੂਬੇ ਦੇ ਖ਼ਜ਼ਾਨੇ ਨੂੰ ਚੂਨਾ ਲਾ ਕੇ ਅਰਬਾਂ ਰੁਪਏ ਕਮਾਏ ਹਨ।
ਮਾਨ ਨੇ ਕਿਹਾ ਕਿ ਆਰਟੀਆਈ ਦੀ ਜਾਣਕਾਰੀ ਅਨੁਸਾਰ ਅਕਾਲੀ ਦਲ ਨੂੰ ਪ੍ਰਾਪਤ ਹੋਏ ਕੁੱਲ ਚੰਦੇ ਵਿੱਚੋਂ ਕਰੀਬ 80 ਪ੍ਰਤੀਸ਼ਤ ਹਿੱਸਾ ਟਰਾਂਸਪੋਰਟ ਤੋਂ ਆਇਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਮਾਲਕੀ ਵਾਲੇ ਔਰਬਿਟ ਤੇ ਡੱਬਵਾਲੀ ਟਰਾਂਸਪੋਰਟ ਨੇ ਅਕਾਲੀ ਦਲ ਨੂੰ ਕਰੀਬ 1.80 ਕਰੋੜ ਦਾ ਚੰਦਾ ਦਿੱਤਾ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਨੂੰ ਦਿੱਤਾ ਗਿਆ ਧਨ ਅਸਲ ਵਿੱਚ ਟਰਾਂਸਪੋਰਟ ਮਾਫ਼ੀਆ ਵੱਲੋਂ ਕੀਤਾ ਗਿਆ ਨਿਵੇਸ਼ ਹੈ ਜੋ ਸੱਤਾ ਦੌਰਾਨ ਅਕਾਲੀ ਦਲ ਨੇ ਪਹਿਲਾਂ ਦਿੱਤਾ ਹੈ ਤੇ ਭਵਿੱਖ ਵਿੱਚ ਵੀ ਮੋੜੇਗਾ।
ਮਾਨ ਨੇ ਕਿਹਾ ਕਿ ਸੂਬੇ ਦੀ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਕੇ ਬਾਦਲਾਂ ਨੇ ਸਾਰਾ ਵਪਾਰ ਖ਼ੁਦ ਹਥਿਆ ਲਿਆ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਭਾਰੀ ਬੋਝ ਪਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਔਰਬਿਟ ਤੇ ਡੱਬਵਾਲੀ ਟਰਾਂਸਪੋਰਟ ਤੋਂ ਬਿਨਾ ਹੋਰ ਵੀ ਕਈ ਬੇਨਾਮੀ ਟਰਾਂਸਪੋਰਟ ਬਣਾ ਕੇ ਸੂਬੇ ਨੂੰ ਲੁੱਟ ਰਹੇ ਹਨ।
'ਆਪ' ਵਿਧਾਇਕ ਤੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਸੰਧੋਆ ਨੇ ਕਿਹਾ ਕਿ ਸੂਬੇ ਵਿਚ ਬਾਦਲਾਂ ਦੇ ਟਰਾਂਸਪੋਰਟ ਮਾਫ਼ੀਆ ਨੇ ਕੈਪਟਨ ਅਮਰਿੰਦਰ ਸਿੰਘ ਸ਼ਹਿ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਾਦਲਾਂ ਦੇ ਬੇਨਾਮੀ ਟਰਾਂਸਪੋਰਟ ਵਪਾਰ 'ਤੇ ਕਾਰਵਾਈ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਹੁਣ ਅੱਖਾਂ ਮੀਚੀ ਬੈਠੇ ਹਨ। ਸੰਧੋਆ ਨੇ ਕਿਹਾ ਕਿ ਬਾਦਲਾਂ ਨੇ ਸੂਬੇ ਵਿੱਚ ਹਰ ਰੂਟ 'ਤੇ ਸਮੇਂ ਵਿੱਚ ਧਾਂਦਲੀਆਂ ਕਰਕੇ ਆਪਣੀਆਂ ਬੱਸਾਂ ਰਾਹੀਂ ਕਬਜ਼ਾ ਕਰ ਲਿਆ ਹੈ।
'ਆਪ' ਨੇ ਆਗੂ ਨੇ ਕਿਹਾ ਕਿ ਇਹ ਅਤਿ-ਮੰਦਭਾਗਾ ਹੈ ਕਿ ਸੂਬੇ ਦੀ ਸਰਕਾਰ ਟਰਾਂਸਪੋਰਟ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੋਈ ਨਵੀਂ ਬੱਸ ਨਹੀਂ ਸ਼ਾਮਲ ਕੀਤੀ ਗਈ ਜਦਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਸੁਖਬੀਰ ਨੇ ਅਨੇਕਾਂ ਨਵੀਆਂ ਬੱਸਾਂ ਖ਼ਰੀਦੀਆਂ ਹਨ।