ਚੰਡੀਗੜ੍ਹ: ਖਹਿਰਾ ਦੇ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਦੀਆਂ ਕਾਰਵਾਈਆਂ ਵੀ ਤੇਜ਼ ਹੋ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਨਵੇਂ ਬਣੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਚੀਮਾ ਨੇ ਅੱਜ ਇੱਥੇ ਮੀਟਿੰਗ ਵਿੱਚ ਖਹਿਰਾ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਪਾਰਟੀ ਨੂੰ ਵੰਡਣ ਦੇ ਦੋਸ਼ ਲਾਏ ਹਨ।
ਖਹਿਰਾ ਧੜੇ ਵੱਲੋਂ ਕੀਤੀ ਆਮ ਆਦਮੀ ਪਾਰਟੀ ਵਲੰਟੀਅਰਜ਼ ਕਨਵੈਨਸ਼ਨ ਬਾਰੇ ਟਿੱਪਣੀ ਕਰਦਿਆਂ ਚੀਮਾ ਨੇ ਇਹ ਵੀ ਦਾਅਵਾ ਕੀਤਾ ਕਿ ਖਹਿਰਾ ਨਾਲ ਗਏ ਵਿਧਾਇਕਾਂ ਦੀ ਗਿਣਤੀ ਘਟੇਗੀ, ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਤੋਂ ਲੈਕੇ ਰੈਲੀ ਤਕ ਘਟ ਗਈ ਸੀ।
ਚੀਮਾ ਨੇ ਖਹਿਰਾ ਦੀ ਬਠਿੰਡਾ ਰੈਲੀ ਤੋਂ ਬਾਅਦ ਏਬੀਪੀ ਸਾਂਝਾ ਨੂੰ ਦੱਸਿਆ ਕਿ ਆਪਣੀ ਕੁਰਸੀ ਖੁੱਸਣ ਕਰਕੇ ਖਹਿਰਾ ਪਾਰਟੀ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਹੈ ਤੇ ਇੱਕ ਹੀ ਰਹੇਗੀ। ਚੀਮਾ ਨੇ ਖਹਿਰਾ ਨਾਲ ਗਏ ਪਾਰਟੀ ਦੇ ਵਿਧਾਇਕਾਂ ਬਾਰੇ ਕਿਹਾ ਕਿ ਮੇਰੇ ਵੀਰ ਕੁਝ ਨਾਰਾਜ਼ ਹਨ ਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਹੋਣ ਵਾਲੀ ਰੈਲੀ ਬਾਰੇ ਅੱਜ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਪਾਰਟੀ ਦੇ ਅਹੁਦੇਦਾਰਾਂ ਦਾ ਇਕੱਠ ਕੀਤਾ ਹੋਇਆ ਹੈ। ਇਸ ਮੌਕੇ ਚੀਮਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਦੇ ਸ਼ੁਰੂ ਤੋਂ ਪੰਜਾਬ ‘ਚ ਹੀ ਵਿਚਾਰੇ ਜਾਂਦੇ ਸਨ, ਪਾਰਟੀ ਦੇ ਕੁਝ ਲੋਕਾਂ ਨੂੰ ਗ਼ਲਤਫਹਿਮੀ ਹੈ ਜੋ ਦੂਰ ਕਰਨੀ ਜ਼ਰੂਰੀ ਹੈ।