ਅੰਮ੍ਰਿਤਸਰ: 'ਰੰਗਰੇਟੇ ਗੁਰੂ ਕੇ ਬੇਟੇ' ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 356ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਲੌਕਿਕ ਚੇਤਨਾ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਾਹੋ-ਜਲਾਲ ਨਾਲ ਅੱਜ ਸਵੇਰੇ ਆਰੰਭ ਹੋਇਆ। ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਇਆ 18ਵਾਂ ਚੇਤਨਾ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਮਲਕੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਤਖਤ ਸ਼੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਇਆ। ਇਸ ਚੇਤਨਾ ਮਾਰਚ ਵਿੱਚ ਧਾਰਮਿਕ ਧੁੰਨਾਂ ਵਜਾਉਂਦੀਆਂ ਬੈਂਡ ਪਾਰਟੀਆਂ, ਸਿੱਖ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਦੀਆਂ ਗਤਕਾ ਪਾਰਟੀਆਂ, ਸਭਾ ਸੁਸਾਇਟੀਆਂ ਤੇ ਪੰਜਾਬ, ਹਰਿਆਣਾ , ਰਾਜਸਥਾਨ ਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਦੀ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਈ। ਸੰਗਤਾਂ ਵਿੱਚ ਚੇਤਨਾ ਮਾਰਚ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਮਾਰਚ ਦੇ ਰਸਤੇ ਵਿੱਚ ਸੰਗਤਾਂ ਨੇ ਸੁੰਦਰ ਗੇਟ ਲਵਾ ਕੇ, ਫੁੱਲਾਂ ਦੀ ਵਰਖਾ ਕਰਕੇ, ਲੰਗਰ ਵਰਤਾ ਕੇ ਥਾਂ-ਥਾਂ ਤੇ ਨਿੱਘਾ ਸਵਾਗਤ ਕੀਤਾ। ਇਸ ਚੇਤਨਾ ਮਾਰਚ ਵਿੱਚ ਪੋਸਟਰਾਂ ਤੇ ਬੈਨਰਾਂ ਰਾਹੀਂ ਬਾਬਾ ਜੀਵਨ ਸਿੰਘ ਦੇ ਜੀਵਨ 'ਤੇ ਅਦੁਤੀ ਸ਼ਹਾਦਤ ਸਬੰਧੀ, ਸਮਾਜਿਕ ਕੁਰੀਤੀਆਂ ਜਿਵੇ ਨਸ਼ੇ, ਭਰੂਣ ਹੱਤਿਆ ਤੇ ਪਤਿਤਪੁਣੇ ਸਬੰਧੀ ਜਾਗਰੂਕਤਾ ਕੀਤਾ ਜਾ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਇਹ ਚੇਤਨਾ ਮਾਰਚ ਬਿਆਸ, ਢਿਲਵਾਂ, ਕਰਤਾਰਪੁਰ ਤੇ ਕਪੂਰਥਲਾ ਹੁੰਦਾ ਹੋਇਆ ਰਾਤਰੀ ਵਿਸ਼ਰਾਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ। ਚਾਰ ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਚਲ ਕੇ ਮਲਸੀਆਂ, ਸ਼ਾਹਕੋਟ, ਮੋਗਾ, ਭਦੌੜ, ਸਰਦੂਲਗੜ੍ਹ ਹੁੰਦਾ ਹੋਇਆ ਤਖਤ ਸ਼੍ਰੀ ਦਮਦਮਾ ਸਾਹਿਬ ਪੁੱਜ ਕੇ ਸੰਪਨ ਹੋਵੇਗਾ ਜਿੱਥੇ 5 ਤਰੀਕ ਨੂੰ ਬਾਬਾ ਜੀਵਨ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਜਾਵੇਗਾ। ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ ਟਰਸਟ ਦੇ ਚੇਅਰਮੈਨ ਜਸਵੰਤ ਸਿੰਘ ਨੇ ਚੇਤਨਾ ਮਾਰਚ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਗਰ ਕੀਰਤਨ ਦਾ ਮੁੱਖ ਮੰਤਵ ਭਟਕੀ ਹੋਈ ਸੰਗਤ ਨੂੰ ਡੇਰਾਵਾਦ ਤੇ ਨਸ਼ਿਆਂ ਤੋਂ ਮੁੱਖ ਮੋੜ ਕੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜਨ ਸਬੰਧੀ ਜਾਗਰੂਕ ਕਰਨਾ ਹੈ।