ਚੰਡੀਗੜ੍ਹ: ਕੈਪਟਨ ਅਮਰਿੰਦਰ ਨੇ ਪੰਜਾਬ ਵਿੱਚੋਂ ਸਰਕਾਰ ਬਣਨ 'ਤੇ ਇੱਕ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਐਲਾਨ ਕੀਤਾ ਸੀ। ਹੁਣ ਛੇ ਮਹੀਨੇ ਬੀਤ ਚੁੱਕੇ ਹਨ ਪਰ ਨਸ਼ਾ ਤਸਕਰਾਂ ਦੇ ਹੌਂਸਲੇ ਬਾਬਾ ਬਾਦਲ ਦੇ ਰਾਜ ਵਾਲੇ ਹੀ ਹਨ। ਇਸ ਦੀ ਮਿਸਾਲ ਨਸ਼ਾ ਤਸਕਰੀ ਲਈ ਬਦਨਾਮ ਮੋਗੇ ਦੇ ਪਿੰਡ ਦੌਲੇਵਾਲਾ ਵਿੱਚ ਮਿਲੀ। ਪੁਲਿਸ ਨੇ ਸ਼ਨੀਵਰ ਨੂੰ ਦੌਲੇਵਾਲਾ ਵਿੱਚ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੇ ਇੱਕ ਤਸਕਰ ਨੂੰ ਕਾਬੂ ਕਰ ਲਿਆ। ਪਿੰਡ ਦੇ ਲੋਕਾਂ ਦਾ ਹੌਸਲਾ ਇੰਨਾ ਵਧ ਗਿਆ ਕਿ ਉਨ੍ਹਾਂ ਨੇ ਤਸਕਰ ਨੂੰ ਛੁਡਾਉਣ ਲਈ ਪੁਲੀਸ ’ਤੇ ਹਮਲਾ ਕਰਕੇ ਹੌਲਦਾਰ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ’ਚ ਤਸਕਰ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ। ਧਰਮਕੋਟ ਦੇ ਡੀਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਹੌਲਦਾਰ ਗੁਰਦੀਪ ਸਿੰਘ ਤੇ ਇੱਕ ਹੋਰ ਗੁਰਸੇਵਕ ਸਿੰਘ ਦੇ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਨਾਮੀ ਤਸਕਰ ਬਿੱਕਰ ਸਿੰਘ ਖ਼ਿਲਾਫ਼ ਥਾਣਾ ਸਿਟੀ ਦੱਖਣੀ, ਮੋਗਾ ਵਿੱਚ 11 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਤਸਕਰ ਬਿੱਕਰ ਸਿੰਘ ਆਪਣੇ ਪਿੰਡ ਦੌਲੇਵਾਲਾ ਆਇਆ ਹੈ। ਪੁਲਿਸ ਪਾਰਟੀ ਨੇ ਸਵੇਰੇ ਤਕਰੀਬਨ 10 ਵਜੇ ਪਿੰਡ ’ਚ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇਕੱਠੀ ਹੋਈ ਭੀੜ ਨੇ ਉਸ ਨੂੰ ਛੁਡਾਉਣ ਲਈ ਪੁਲਿਸ ਉਤੇ ਇੱਟਾਂ ਆਦਿ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਹੌਲਦਾਰ ਗੁਰਦੀਪ ਸਿੰਘ ਜ਼ਖ਼ਮੀ ਹੋ ਗਿਆ ਤੇ ਕੁਝ ਹੋਰ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ। ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਤਸਕਰ ਬਿੱਕਰ ਸਿੰਘ ਤੋਂ ਇਲਾਵਾ ਗੁਰਸੇਵਕ ਸਿੰਘ, ਜਗਦੇਵ ਸਿੰਘ ਤੇ ਡੋਗਰ ਸਿੰਘ ਨਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ।