ਅੰਮ੍ਰਿਤਸਰ: ਡੇਰਾ ਸਿਰਸਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਅਦਾਲਤ ਵੱਲੋਂ ਬਲਾਤਕਾਰ ਦੇ ਇਲਜ਼ਾਮਾਂ ਤਹਿਤ ਸਜ਼ਾ ਸੁਣਾਏ ਜਾਣ ਮਗਰੋਂ ਬਾਬੇ ਦਾ ਪਰਦਾਫਾਸ਼ ਕਰਨ ਵਾਲੀਆਂ ਬਹਾਦਰ ਲੜਕੀਆਂ ਦਾ ਸਨਮਾਨ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਪੰਜਾਬ ਦੇ ਸਾਬਕਾ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕੀਤੀ ਹੈ। ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਬਣਾਈ ਗਈ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਸਾਧਵੀਆਂ ਨੇ ਡੇਰਾ ਮੁਖੀ ਦੀ ਹਕੀਕਤ ਕ਼ਾਨੂੰਨ ਤੇ ਸਮਾਜ ਸਾਹਮਣੇ ਲਿਆਉਣ ਦੀ ਹਿੰਮਤ ਦਿਖਾਈ, ਉਨ੍ਹਾਂ ਨੂੰ ਸਨਮਾਨ ਕੀਤਾ ਜਾਵੇ। ਇਸ ਨਾਲ ਮਹਿਲਾਵਾਂ ਦਾ ਮਨੋਬਲ ਵਧੇਗਾ ਤੇ ਸਮਾਜ ਵਿੱਚ ਹੋ ਰਹੀਆਂ ਅਜਿਹੀਆਂ ਹੋਰ ਘਟਨਾਵਾਂ 'ਤੇ ਰੋਕ ਲੱਗ ਸਕੇਗੀ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ (ਰਿਟਾਇਰਡ ਆਈ.ਪੀ.ਐਸ.) ਤੇ ਹੋਰ ਸਾਬਕਾ ਪੁਲਿਸ ਅਧਿਕਾਰੀਆਂ ਨੇ ਸਿਆਸਤਦਾਨਾਂ ਵੱਲੋਂ ਰਾਜਨੀਤੀ ਲਈ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਕੋਸ਼ਿਸ਼ ਦੀ ਵੀ ਨਿੰਦਾ ਕੀਤੀ ਤੇ ਇਸ ਦਾ ਪੱਕ ਹੱਲ ਕੱਢਣ ਲਈ ਸਰਕਾਰ ਨੂੰ ਅਪੀਲ ਕੀਤੀ।