ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਦਾ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ ਨੇ ਪਦਮ ਐਵਾਰਡ ਪਾਉਣ ਲਈ ਲੌਬਿੰਗ ਕਰ ਰਿਹਾ ਸੀ ਅਤੇ ਇਸ ਲਈ ਗ੍ਰਹਿ ਮੰਤਰਾਲਾ ਦੇ ਪਦਮ ਸਨਮਾਨ ਕਮੇਟੀ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਰਾਮ ਰਹੀਮ ਨੂੰ ਸਮਾਜ ਸੇਵਾ ਲਈ ਪਦਮ ਅਵਾਰਡ ਦੀ ਸਿਫ਼ਾਰਿਸ਼ਾਂ ਵਿੱਚ ਉਸ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਜਾਂ ਫਿਰ ਪਦਮਸ਼੍ਰੀ ਵਿੱਚੋਂ ਕੋਈ ਵੀ ਐਵਾਰਡ ਦੇਣ ਦੀ ਮੰਗ ਵਿੱਚ ਤਿੰਨ ਸਾਲਾਂ ਦੌਰਾਨ ਕੁੱਲ 4208 ਸਿਫਾਰਿਸ਼ਾਂ ਭੇਜੀਆਂ ਗਈਆਂ। ਰਿਕਾਰਡ ਮੁਤਾਬਕ 4208 ਸਿਫਾਰਿਸ਼ਾਂ ਵਿੱਚ ਸਿਰਫ਼ ਇਸ ਸਾਲ 650 ਤੋਂ ਜ਼ਿਆਦਾ ਸਿਫਾਰਿਸ਼ਾਂ ਮਿਲੀਆਂ ਹਨ। ਵਿਵਾਦਾਂ ਦੇ ਡੇਰੇ ਸਿਰਸਾ ਦੇ ਮੁਖੀ ਨੂੰ ਤਿੰਨ ਪਦਮ ਪੁਰਸਕਾਰਾਂ ਵਿੱਚੋਂ ਕੋਈ ਵੀ ਇੱਕ ਪੁਰਸਕਾਰ ਦੇਣ ਲਈ ਮਿਲੀਆਂ ਦੋ ਸਿਫਾਰਿਸ਼ਾਂ ਹਰਿਆਣਾ ਦੇ ਹਿਸਾਰ ਤੋਂ ਸੇਂਟਗਾਰਜ ਵਿਲਿਅਮ ਸੋਨੇਟ ਅਤੇ ਇੰਡਿਆ ਸੇਂਟਗਾਰਜ ਤੋਂ ਵੀ ਮਿਲੀਆਂ। ਇਹ ਸਿਫਾਰਿਸ਼ਾਂ ਪਦਮ ਐਵਾਰਡ ਕਮੇਟੀ ਕੋਲ ਜਾਣ ਤੋਂ ਪਹਿਲਾਂ ਹੀ ਸਕਰੀਨਿੰਗ ਕਮੇਟੀ ਨੇ ਹੀ ਖਾਰਿਜ਼ ਕਰ ਦਿੱਤੀਆਂ ਸਨ। ਸਾਰੀਆਂ ਸਿਫਾਰਿਸ਼ਾਂ ‘ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ’ ਦੇ ਨਾਂ 'ਤੇ ਮਿਲੀਆਂ ਸਨ। ਜ਼ਿਆਦਾਤਰ ਸਿਫਾਰਿਸ਼ਾਂ ਹਰਿਆਣਾ ਦੇ ਸਿਰਸਾ ਤੋਂ ਆਈਆਂ ਸਨ, ਜਿੱਥੇ ਡੇਰੇ ਦਾ ਹੈੱਡਕੁਆਟਰ ਹੈ। ਗੁਰਮੀਤ ਰਾਮ ਰਹੀਮ ਦੀ ਪਦਮ ਪੁਰਸਕਾਰ ਪਾਉਣ ਦੀ ਲਾਲਸਾ ਇੰਨੀ ਸੀ ਕਿ ਆਪਣੇ ਪੈਰੋਕਾਰਾਂ ਤੋਂ ਸਿਫਾਰਿਸ਼ਾਂ ਦੇ ਇਲਾਵਾ ਉਸ ਨੇ 'ਸੈਲਫ ਨੌਮਿਨੇਸ਼ਨ' ਯਾਨੀ ਕਿ ਖ਼ੁਦ ਆਪਣੇ ਨਾਂ ਦਾ ਪ੍ਰਸਤਾਵ ਪੰਜ ਵਾਰ ਸਿਫਾਰਿਸ਼ ਵਜੋਂ ਭੇਜਿਆ ਸੀ। ਇਨ੍ਹਾਂ ਵਿੱਚ ਤਿੰਨ ਵਾਰ ਉਸ ਦਾ ਪਤਾ ਸਿਰਸਾ ਦਾ, ਇੱਕ ਵਾਰ ਹਿਸਾਰ ਦਾ ਅਤੇ ਇੱਕ ਵਾਰ ਰਾਜਸਥਾਨ ਦੇ ਗੰਗਾਨਗਰ ਵਿੱਚ ਉਸ ਦੇ ਜੱਦੀ ਪਿੰਡ ਗੁਰੂਸਰ ਮੋੜੀਆਂ ਦਾ ਪਤਾ ਸੀ। ਗੰਗਾਨਗਰ ਤੋਂ ਵੀ ਤਕਰੀਬਨ ਡੇਢ ਦਰਜਨ ਸਿਫਾਰਿਸ਼ਾਂ ਮਿਲੀਆਂ ਸਨ। ਸਿਰਸਾ ਤੋਂ ਜ਼ਿਆਦਾਤਰ ਆਭਾ, ਆਦਿਤਿਆ ਇੰਸਾ, ਅਕਬਰ ਅਲਫੈਜ਼, ਬਲਜਿੰਦਰ, ਮਿਲਕੀ, ਗ਼ਜ਼ਲ, ਕੋਮਲ, ਜਾਨੀ, ਜੱਸੀ ਆਦਿ ਵਿਅਕਤੀਆਂ ਨੇ ਉਸ ਦੀ ਪਦਮ ਪੁਰਸਕਾਰ ਲਈ ਸਿਫਾਰਿਸ਼ ਕੀਤਾ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਨਾਂ ਫ਼ਰਜ਼ੀ ਹੋ ਸਕਦੇ ਹਨ। ਗ੍ਰਹਿ ਮੰਤਰਾਲਾ ਨੂੰ ਸਿਫਾਰਿਸ਼ ਭੇਜੇ ਜਾਣ 'ਤੇ ਸਕਰੀਨਿੰਗ ਕਮੇਟੀ ਸਭ ਤੋਂ ਪਹਿਲਾਂ ਨਾਵਾਂ ਨੂੰ ਐਵਾਰਡ ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਬਣੀ ਐਵਾਰਡ ਕਮੇਟੀ ਕੋਲ ਵਿਚਾਰਨ ਲਈ ਭੇਜਣ ਤੋਂ ਪਹਿਲਾਂ, ਉਸ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਆਧਾਰ 'ਤੇ ਬਲਾਤਕਾਰੀ ਬਾਬੇ ਦਾ ਨਾਂ ਖਾਰਜ ਕਰ ਦਿੱਤਾ ਗਿਆ ਸੀ। ਪਦਮ ਪੁਰਸਕਾਰਾਂ ਲਈ ਕੋਈ ਵੀ ਕਿਸੇ ਦੇ ਨਾਂ ਪ੍ਰਸਤਾਵਿਤ ਕਰ ਸਕਦਾ ਹੈ। ਪਦਮ ਪੁਰਸਕਾਰ- ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਦਾ ਐਲਾਨ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਕੀਤਾ ਜਾਂਦਾ ਹੈ।