ਅੰਮ੍ਰਿਤਸਰ: ਸੰਗਰੂਰ ਵਿੱਚ ਬੋਰਵੈੱਲ 'ਚ ਫਸੇ 2 ਸਾਲਾਂ ਦੇ ਬੱਚੇ ਫ਼ਤਹਿਵੀਰ ਸਿੰਘ ਦੇ ਮਾਮਲੇ ਵਿੱਚ ਚੀਫ਼ ਇੰਜਨਿਅਰ ਜਸਵੰਤ ਸਿੰਘ ਗਿੱਲ ਨੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਸਰਕਾਰ ਇੱਕ ਹੀ ਤਕਨੀਕ ਨੂੰ ਵਾਰ-ਵਾਰ ਦੁਹਰਾ ਰਹੀ ਹੈ ਜਦਕਿ ਅਜਿਹੀਆਂ ਕਈ ਤਕਨੀਕਾਂ ਮੌਜੂਦ ਹਨ ਜਿਨ੍ਹਾਂ ਨਾਲ ਅਜਿਹੇ ਕੇਸ ਦੇ ਵਿੱਚ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਉਸ ਜਗ੍ਹਾ 'ਤੇ ਜਾ ਕੇ ਮਦਦ ਕਰਨ ਲਈ ਤਿਆਰ ਹਨ ਬਸ਼ਰਤੇ ਸਰਕਾਰ ਉਨ੍ਹਾਂ ਨੂੰ ਲੈ ਕੇ ਜਾਵੇ ਕਿਉਂਕਿ ਉਨ੍ਹਾਂ ਕੋਲ ਇੰਨੇ ਵਸੀਲੇ ਨਹੀਂ ਹਨ ਕਿ ਉਹ ਆਪਣੇ ਕੋਲੋਂ ਖਰਚਾ ਕਰਕੇ ਜਾ ਸਕਣ।


ਯਾਦ ਰਹੇ ਜਸਵੰਤ ਸਿੰਘ ਗਿੱਲ ਨੇ ਪੱਛਮ ਬੰਗਾਲ ਵਿੱਚ ਕੋਲ਼ੇ ਖਾਣ ਵਿੱਚੋਂ ਕਰੀਬ 64 ਮਜ਼ਦੂਰਾਂ ਦੀ ਜਾਨ ਬਚਾਈ ਸੀ। ਦੱਸ ਦੇਈਏ ਅੱਜ ਚੌਥਾ ਦਿਨ ਹੋ ਚੁੱਕਿਆ ਹੈ ਤੇ ਹਾਲੇ ਤਕ ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਨਹੀਂ ਕੱਢਿਆ ਜਾ ਸਕਿਆ। ਬਚਾਅ ਕਾਰਜ ਅਖ਼ੀਰਲੇ ਪੜਾਅ 'ਤੇ ਹਨ। ਜਸਵੰਤ ਸਿੰਘ ਗਿੱਲ ਨੇ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਤਜਰਬੇਕਾਰ ਵਿਅਕਤੀਆਂ ਦੀ ਟੀਮ ਦੀ ਮਦਦ ਲੈਣੀ ਚਾਹੀਦੀ ਹੈ ਤਾਂ ਕਿ ਅਜਿਹੇ ਕੇਸਾਂ ਨੂੰ ਡੀਲ ਕਰਨ ਦੇ ਵਿੱਚ ਆਸਾਨੀ ਹੋ ਸਕੇ।

ਜਸਵੰਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੂੰ ਉਦੋਂ ਹੀ ਯਾਦ ਆਉਂਦੀ ਹੈ, ਜਦ ਅਜਿਹੀ ਸਥਿਤੀ ਸਿਰ 'ਤੇ ਪੈ ਜਾਂਦੀ ਹੈ। ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਵਿੱਚ ਇਸ ਨੂੰ ਕੋਈ ਵੀ ਯਾਦ ਨਹੀਂ ਰੱਖਦਾ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਪੁਰਾਣੇ ਕੇਸਾਂ ਵਿੱਚ ਸਰਕਾਰ ਵੱਲੋਂ ਬਣਾਈਆਂ ਜਾਂਚ ਕਮੇਟੀਆਂ ਦੀ ਰਿਪੋਰਟ ਆ ਗਈ ਹੈ? ਉਨ੍ਹਾਂ ਕਿਹਾ ਕਿ  ਅਜਿਹੇ ਹਾਦਸੇ ਨਾ ਹੋਣ, ਇਸ ਦੇ ਲਈ ਬਕਾਇਦਾ ਤੌਰ 'ਤੇ ਰੂਲ ਐਂਡ ਰੈਗੂਲੇਸ਼ਨ ਬਣੇ ਹੋਏ ਹਨ, ਪਰ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ। ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਜਸਵੰਤ ਸਿੰਘ ਗਿੱਲ ਨੇ 'ਏਬੀਪੀ ਸਾਂਝਾ' ਨਾਲ ਕਈ ਤਕਨੀਕਾਂ ਵੀ ਸਾਂਝੀਆਂ ਕੀਤੀਆਂ ਜੋ ਫ਼ਤਹਿਵੀਰ ਸਿੰਘ ਦੇ ਕੇਸ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ ਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਦਾ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਨਿਰਦੇਸ਼ਾਂ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਜਿਹੇ ਹਾਦਸਿਆਂ ਸਬੰਧੀ ਕੌਮੀ ਪੱਧਰ 'ਤੇ ਨਿਯਮ ਬਣਨੇ ਚਾਹੀਦੇ ਹਨ।