ਸੰਗਰੂਰ: ਸੁਨਾਮ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲਾਂ ਦੇ ਮਾਸੂਮ ਫ਼ਤਹਿਵੀਰ ਸਿੰਘ ਨੂੰ ਬੋਰਵੈੱਲ ਵਿੱਚੋਂ ਕੱਢਣ ਦੇ ਬਚਾਅ ਕਾਰਜ ਚੌਥੇ ਦਿਨ ਵੀ ਜਾਰੀ ਹਨ। ਅੱਜ ਸਵੇਰੇ ਪਾਈਪ ਟੇਢੇ ਹੋਣ ਕਰਕੇ ਬਚਾਅ ਕਾਰਜ ਰੋਕਣੇ ਪਏ। ਦਰਅਸਲ ਜਿਸ ਲੋਹੇ ਦੇ ਆਧਾਰ 'ਤੇ ਸੀਮੈਂਟ ਦੀਆਂ ਪਾਈਪ ਰੱਖੀਆਂ ਜਾ ਰਹੀਆਂ ਸੀ, ਉਹ ਆਪਣੀ ਥਾਂ ਤੋਂ ਖਿਸਕ ਗਿਆ। ਕਰੀਬ ਘੰਟੇ ਦੇ ਮਸ਼ੱਕਤ ਪਿੱਛੋਂ ਬਚਾਅ ਕਾਰਜ ਦੁਬਾਰਾ ਆਰੰਭੇ ਗਏ। ਸਰਕਾਰ ਦੇ ਢਿੱਲੇ ਦੇ ਰਵੱਈਏ ਦੇ ਚੱਲਦਿਆਂ 4 ਦਿਨਾਂ ਬਾਅਦ ਵੀ ਹਾਲੇ ਤਕ ਬਚਾਅ ਟੀਮ ਬੱਚੇ ਤਕ ਨਹੀਂ ਪਹੁੰਚ ਸਕੀ।

ਦੱਸ ਦੇਈਏ ਵੀਰਵਾਰ ਦੁਪਹਿਰ 3:30 ਵਜੇ ਬੱਚਾ ਬੋਰਵੈੱਲ ਵਿੱਚ ਡਿੱਗਿਆ ਸੀ। ਇਸ ਮਗਰੋਂ 4.30 ਵਜੇ ਲੋਕਲ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭੇ ਤੇ ਕਰੀਬ 7 ਵਜੇ NDRF ਦੀ ਟੀਮ ਬੁਲਾਈ ਗਈ, ਉਨ੍ਹਾਂ ਆ ਕੇ ਬੋਰਵੈੱਲ ਦਾ ਨਿਰੀਖਣ ਕੀਤਾ। ਉਸ ਤੋਂ ਬਾਅਦ ਉਸੇ ਬੋਰ ਦੇ ਬਰਾਬਰ ਇੱਕ ਨਵਾਂ ਬੋਰ ਕਰਨਾ ਆਰੰਭਿਆ ਗਿਆ। ਸ਼ੁੱਕਰਵਾਰ ਤਕਰੀਬਨ 60 ਫੁੱਟ ਹੇਠਾਂ ਬੋਰ ਦੀ ਕੀਤੀ ਗਈ।

ਕਰਵਾਰ ਤੜਕੇ ਸੀਸੀਟੀਵੀ ਫੁਟੇਜ ਰਾਹੀਂ ਬੱਚੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਸ ਦੇ ਹੱਥਾਂ ਦੀ ਹਰਕਤ ਦੇਖੀ ਗਈ। ਸ਼ਨੀਵਾਰ ਨੂੰ ਸੀਸੀਟੀਵੀ ਫੁਟੇਜ ਵਿੱਚ ਬੱਚੇ ਦੇ ਹੱਥਾਂ 'ਤੇ ਸੋਜ਼ਿਸ਼ ਨਜ਼ਰ ਆਈ ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਕਿ ਬੱਚਾ ਸਲਾਮਤ ਹੈ। ਹਾਲਾਂਕਿ ਬਾਅਦ ਵਿੱਚ ਸੋਜ਼ਿਸ਼ ਘਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ।

ਕਿਉਂਕਿ ਖੁਦਾਈ ਹੱਥਾਂ ਨਾਲ ਕੀਤੀ ਜਾ ਰਹੀ ਸੀ ਇਸ ਲਈ ਬਚਾਅ ਕਾਰਜ ਧੀਮੇ ਚੱਲਦੇ ਰਹੇ। ਵੱਡੀ ਗੱਲ ਇਹ ਕਿ ਸਰਕਾਰ ਇਸ ਮਾਮਲੇ ਵਿੱਚ ਬੇਹੱਦ ਅਵੇਸਲੀ ਨਜ਼ਰ ਆਈ। ਮਾਸੂਮ ਬੱਚੇ ਦੀ ਮਦਦ ਲਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ। ਮਹਿਜ਼ ਸਰਕਾਰ ਦੇ ਮੰਤਰੀ ਵਿਜੇਂਦਰ ਸਿੰਗਲਾ ਇੰਨਾ ਭਰੋਸਾ ਦੇ ਗਏ ਕਿ ਬੱਚੇ ਦੇ ਨਿਕਲਣ ਬਾਅਦ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣਗੇ।