ਸੰਗਰੂਰ: ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਨੇ ਅਹਿਮ ਯੋਗਦਾਨ ਪਾਇਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਣਗਿਣਤ ਨਾਇਕਾਂ ਦੇ ਸਤਿਕਾਰ ਵਜੋਂ ਇੱਕ ਯਾਦਗਾਰ ਦਾ ਨਿਰਮਾਣ ਕੀਤਾ ਜਾਵੇਗਾ, ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਅੰਦੋਲਨ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਆਪਣੀਆਂ ਜਾਨਾਂ ਵਾਰ ਦਿੱਤੀਆਂ ਸੀ। ਇਹ ਯਾਦਗਾਰ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਜਾਵੇਗੀ, ਜਿਨ੍ਹਾਂ ਨੂੰ ਕਾਲਾਪਾਣੀ ਦੇ ਨਾਂ ਨਾਲ ਜਾਣੀ ਜਾਂਦੀ ਬੇਰਹਿਮ ਸਜ਼ਾ ਭੁਗਤਣੀ ਪਈ ਸੀ।
ਆਪਣੇ ਪਿਛਲੇ ਕਾਰਜਕਾਲ ਦੌਰਾਨ ਸੁਨਾਮੀ ਨਾਲ ਪ੍ਰਭਾਵਿਤ ਖੇਤਰ ਦੇ ਦੌਰੇ ਦੇ ਮੌਕੇ 'ਤੇ ਅੰਡੇਮਾਨ ਟਾਪੂਆਂ ਦੀ ਸੈਲੂਲਰ ਜੇਲ੍ਹ ਦੀ ਆਪਣੀ ਫੇਰੀ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉੱਥੇ ਦੀਵਾਰਾਂ 'ਤੇ ਉੱਕਰੇ ਹੋਏ ਸ਼ਹੀਦਾਂ ਦੇ ਨਾਂਵਾਂ ਚੋਂ ਉਹ ਕਿਸੇ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਕਾਲਾਪਾਣੀ ਦੀ ਸਜ਼ਾ ਭੁਗਤਦੇ ਹੋਏ ਇਸ ਦੁਨੀਆ ਤੋਂ ਵਿਸਰ ਗਏ। ਉਸ ਦੀਆਂ ਯਾਦਾਂ ਵੀ ਜੇਲ੍ਹ ਤੱਕ ਸੀਮਤ ਰਹੀਆਂ। ਉਨ੍ਹਾਂ ਕਿਹਾ ਕਿ ਮਾਤ ਭੂਮੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਬਣਦਾ ਸਤਿਕਾਰ ਦੇਣਾ ਸਾਡਾ ਫਰਜ਼ ਹੈ।
ਦੱਸ ਦੇਈਏ ਕਿ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੀ ਜੀਵਨ-ਆਕਾਰ ਦੀ ਕਾਂਸੇ ਦੀ ਮੂਰਤੀ ਅਤੇ ਯਾਦਗਾਰ ਬਣਾਈ ਗਈ ਹੈ। ਸਮਾਰਕ ਦੀ ਕੀਮਤ 6.40 ਕਰੋੜ ਰੁਪਏ ਹੈ, ਜਿਸ ਚੋਂ 3.40 ਕਰੋੜ ਰੁਪਏ ਜ਼ਮੀਨ ਦੀ ਕੀਮਤ 'ਤੇ ਖਰਚੇ ਗਏ, ਜਦੋਂ ਕਿ ਬਾਕੀ 3 ਕਰੋੜ ਰੁਪਏ ਇਸ ਦੇ ਨਿਰਮਾਣ 'ਤੇ ਖਰਚ ਕੀਤੇ ਗਏ।
ਮਹਾਨ ਕ੍ਰਾਂਤੀਕਾਰੀ ਨੂੰ ਉਨ੍ਹਾਂ ਦੇ 82 ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਮਿਸਾਲੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਸਥਾਨਕ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਰਕ ਨੂੰ ਸਹੀ ਢੰਗ ਨਾਲ ਸੰਭਾਲਣ।
ਇਹ ਵੀ ਪੜ੍ਹੋ: Friendship Day 'ਤੇ WhatsApp ਦੇ ਇਨ੍ਹਾਂ ਸਟਿੱਕਰਾਂ ਨਾਲ ਕਰੋ ਦੋਸਤਾਂ ਨੂੰ ਖੁਸ਼, ਇੰਝ ਕਰੋਂ ਯੂਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904