ਚੰਡੀਗੜ੍ਹ: ਪੰਜਾਬ ਦੇ ਅੰਦਰ ਤੇ ਬਾਹਰੋਂ ਬਾਸਮਤੀ ਦੇ ਵਪਾਰੀਆਂ ਤੇ ਮਿੱਲ ਮਾਲਕਾਂ ਲਈ ਵਿਸ਼ੇਸ਼ ਤੌਰ 'ਤੇ ਨਵੇਂ ਖੇਤੀਬਾੜੀ ਬਿੱਲਾਂ ਦੀਆਂ ਵਿਵਸਥਾਵਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਰਕੀਟ ਵਿਕਾਸ ਫੀਸ (MDF) ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਪੇਂਡੂ ਵਿਕਾਸ ਫੀਸ (RDF) ਦੀਆਂ ਦਰਾਂ, 2% ਤੋਂ 1% ਤੱਕ ਕਰਨ ਦਾ ਐਲਾਨ ਕੀਤਾ ਹੈ।


ਸਰਕਾਰੀ ਬੁਲਾਰੇ ਅਨੁਸਾਰ ਇਸ ਕਦਮ ਨਾਲ ਬਾਸਮਤੀ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਮੁਕਾਬਲੇਬਾਜ਼ ਬਣਾਉਣ ਵਿਚ ਵੀ ਸਹਾਇਤਾ ਮਿਲੇਗੀ। ਇਸ ਦੇ ਨਾਲ ਬਾਸਮਤੀ ਵਪਾਰੀਆਂ ਤੇ ਮਿੱਲ ਮਾਲਕਾਂ ਨੂੰ 100 ਕਰੋੜ ਰੁਪਏ ਦੀ ਰਾਹਤ ਮਿਲੇਗੀ। ਹਾਲਾਂਕਿ, ਇਸ ਬਦਲਾਅ ਨਾਲ ਇਹ ਤਬਦੀਲੀ ਆਈ ਹੈ ਕਿ ਰਾਜ ਤੋਂ ਬਾਸਮਤੀ ਚਾਵਲ ਦਾ ਐਕਸਪੋਰਟ ਕਰਨ ਲਈ ਕਿਸੇ ਵੀ ਝੋਨੇ, ਚਾਵਲ ਡੀਲਰ, ਮਿੱਲਰ ਤੇ ਵਪਾਰੀ ਨੂੰ ਕਿਸੇ ਵੀ ਫੀਸ ਦੀ ਵਾਪਸੀ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।

ਮੁੱਖ ਮੰਤਰੀ ਦੇ ਐਲਾਨ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰ ਐਸੋਸੀਏਸ਼ਨ ਤੇ ਪੰਜਾਬ ਬਾਸਮਤੀ ਰਾਈਸ ਮਿੱਲਰਜ਼ ਐਂਡ ਐਕਸਪੋਰਟਰ ਐਸੋਸੀਏਸ਼ਨ ਵੱਲੋਂ ਪ੍ਰਾਪਤ ਨੁਮਾਇੰਦਿਆਂ ਦੀ ਪੂਰੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਪ੍ਰਸਤਾਵ ਦੇ ਜਵਾਬ ਵਿੱਚ ਕੀਤਾ ਹੈ।