ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਪਾਕਿਸਤਾਨ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਾਮ ਨੂੰ ਵਾਪਸ ਪਰਤਿਆ। ਚੰਨੀ ਨੇ ਪਰਤਣ ਤੋਂ ਬਾਅਦ ਐਲਾਨ ਕੀਤਾ ਕਿ ਪੰਜਾਬ ਸਰਕਾਰ ਦਰਸ਼ਨਾਂ ਦੀ ਇਜਾਜ਼ਤ ਲੈਣ ਆਈ ਸੰਗਤ ਨੂੰ ਲਾਂਘੇ ਤੱਕ ਲਿਜਾਣ ਲਈ ਮੁਫ਼ਤ ਬੱਸਾਂ ਚਲਾਏਗੀ। ਇਹ ਸੇਵਾ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ।


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਅਰਦਾਸ ਕਰਕੇ ਆਏ ਹਨ ਕਿ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹ ਜਾਣ ਅਤੇ ਵਪਾਰ ਸ਼ੁਰੂ ਹੋਵੇ।ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਂਘੇ ਦੇ ਦੌਰੇ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਦੀ ਅਪੀਲ ਕੀਤੀ ਹੈ। ਚੰਨੀ ਨੇ ਕਿਹਾ ਕਿ ਪ੍ਰਕਿਰਿਆ ਅਜਿਹੀ ਹੋਣੀ ਚਾਹੀਦੀ ਹੈ ਕਿ ਜੋ ਚਾਹੇ ਉਹ ਦਰਸ਼ਨ ਕਰਕੇ ਪਰਤ ਜਾਵੇ।


ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ, ਵਿਜੇਇੰਦਰ ਸਿੰਗਲਾ, ਕੈਬਨਿਟ ਰੈਂਕ ਧਾਰਕ ਮਹਿੰਦਰ ਸਿੰਘ ਕੇਪੀ, ਵਿਧਾਇਕ ਬਰਿੰਦਰਮੀਤ ਸਿੰਘ ਪੱਡਾ ਅਤੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਉਨ੍ਹਾਂ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਹੋਏ ਸਨ। ਲਾਂਘੇ ਵਿੱਚ ਇਮੀਗ੍ਰੇਸ਼ਨ ਦੀ ਤਸਦੀਕ ਤੋਂ ਬਾਅਦ ਸਾਰੇ ਪਾਕਿਸਤਾਨ ਪਹੁੰਚ ਗਏ।


ਇਸ ਦੌਰਾਨ ਚੰਨੀ ਪਰਿਵਾਰ ਸਮੇਤ ਲਾਂਘੇ 'ਤੇ ਪਹੁੰਚੇ ਸੀ। ਉਨ੍ਹਾਂ ਇਸ ਮੌਕੇ ਸਾਰਿਆਂ ਨੂੰ ਗੁਰੂ ਪੁਰਬ ਦੀ ਵਧਾਈ ਦਿੱਤੀ। ਚੰਨੀ ਨੇ ਇਸ ਮੌਕੇ ਲਾਂਘਾ ਖੋਲ੍ਹਣ ਦੇ ਫੈਸਲੇ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਤਰਫੋਂ ਗੁਰੂਘਰ ਵਿਖੇ ਹਾਜ਼ਰੀ ਲਗਵਾਉਣ ਜਾ ਰਹੇ ਹਨ। ਲਾਂਘਾ ਦੁਬਾਰਾ ਖੁੱਲ੍ਹ ਗਿਆ ਹੈ, ਹੁਣ ਸਾਰੇ ਗੁਰੂ ਨਾਨਕ ਨਾਮਲੇਵਾ ਅਤੇ ਭਾਰਤ ਤੋਂ ਜਾਣ ਵਾਲੇ ਹੋਰ ਲੋਕਾਂ ਲਈ ਗੁਰੂਘਰ ਦੇ ਦਰਸ਼ਨ ਕਰਨ ਅਤੇ ਆਸ਼ੀਰਵਾਦ ਲੈਣ ਦਾ ਮੌਕਾ ਹੈ।