Punjab News : ਪੰਜਾਬ 'ਚ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਹੋਣ ਤੋਂ ਬਾਅਦ ਐਡਵੋਕੇਟ ਜਨਰਲ ਦਾ ਅਹੁਦਾ ਵੱਡਾ ਮੁੱਦਾ ਬਣ ਗਿਆ ਹੈ। ਚੰਨੀ ਸਰਕਾਰ ਨੇ ਹਾਲ ਹੀ 'ਚ ਸਿੱਧੂ ਦੀ ਮੰਗ ਦੇ ਅੱਗੇ ਝੁਕਦੇ ਹੋਏ ਏਪੀਐਸ ਦਿਓਲ (APS Deol) ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਐਡਵੋਕੇਟ ਜਨਰਲ ਦੇ ਅਹੁਦੇ ਲਈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਹਿਲੀ ਪਸੰਦ ਸੀਨੀਅਰ ਐਡਵੋਕੇਟ ਡੀਐਸ ਪਟਵਾਲਿਆ ਹੈ।

ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ 'ਤੇ ਹਾਲਾਂਕਿ ਹਾਲੇ ਪੇਚ ਫਸਿਆ ਹੋਇਆ ਹੈ। ਐਡਵੋਕੇਟ ਡੀਐਸ ਪਟਵਾਲਿਆ ਹੀ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਸਿੱਧੂ ਪਹਿਲਾਂ ਵੀ ਏਜੀ ਬਣਾਉਣਾ ਚਾਹੁੰਦੇ ਸੀ ਪਰ ਸੀਐਮ ਚਰਨਜੀਤ ਚੰਨੀ ਦੀ ਸਰਕਾਰ ਨੇ ਏਪੀਐਸ ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ। ਇਸ ਨਿਯੁਕਤੀ ਦੇ ਵਿਰੋਧ 'ਚ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਸੂਤਰਾਂ ਮੁਤਾਬਕ ਇਸ ਵਾਰ ਜੇਕਰ ਸਿੱਧੂ ਦੀ ਚੱਲੀ ਤਾਂ ਐਡਵੋਕੇਟ ਪਟਵਾਲਿਆ ਹੀ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ। ਇਸ ਵਾਰ ਗਵਰਨਰ ਦਫ਼ਤਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਨੂੰ ਜਨਤਕ ਕੀਤਾ ਜਾਵੇਗਾ।

ਰੇਸ 'ਚ ਸ਼ਾਮਲ ਹਨ ਤਿੰਨ ਹੋਰ ਨਾਂ

ਐਡਵੋਕੇਟ ਡੀਐਸ ਪਟਵਾਲਿਆ ਲਈ ਹਾਲਾਂਕਿ ਪੰਜਾਬ ਦਾ ਐਡਵੋਕੇਟ ਜਨਰਲ ਬਣਨ ਦੀ ਰਾਹ ਆਸਾਨ ਨਹੀਂ ਹੈ। ਇਸ ਰੇਸ 'ਚ ਐਡਵੋਕੇਟ ਅਨਮੋਲ ਰਤਨ ਸਿੱਧੂ, ਸੰਜੇ ਕੌਸ਼ਲ ਤੇ ਅਨੂ ਚਤਰਥ ਦਾ ਨਾਂ ਵੀ ਸ਼ਾਮਲ ਹੈ। ਚੰਨੀ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਵਾਰ ਐਡਵੋਕੇਟ ਜਨਰਲ ਦਾ ਅਹੁਦਾ ਉਸ ਵਿਅਕਤੀ ਨੂੰ ਦਿੱਤਾ ਜਾਵੇ ਜੋ ਕਿ ਪਹਿਲਾਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ।

ਪਹਿਲਾਂ ਅਜਿਹੇ ਕਿਆਸ ਲਾਏ ਜਾ ਰਹੇ ਸੀ ਕਿ ਬੁੱਧਵਾਰ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਹੋ ਸਕਦਾ ਹੈ ਹਾਲਾਂਕਿ ਨਿਯੁਕਤੀ 'ਚ ਹੁਣ ਚਾਰ ਵੱਡੇ ਦਾਅਵੇਦਾਰ ਹੋਣ ਦੀ ਵਜ੍ਹਾ ਨਾਲ ਪੇਚ ਫਸਿਆ ਹੋਇਆ ਹੈ।