ਮਾਨਸਾ : ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ ਵਿਖੇ 50 ਸਾਲਾ ਬਜ਼ੁਰਗ ਨੇ ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤਾ ਨੇ ਜਦ ਘਰ ਆ ਕੇ ਦੱਸਿਆ ਤਾਂ ਮੈਡੀਕਲ ਜਾਂਚ ਤੋਂ ਬਾਅਦ ਬਜ਼ੁਰਗ ਖ਼ਿਲਾਫ਼ ਸਰਦੂਲਗੜ੍ਹ ਪੁਲਿਸ ਨੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਮੌਕੇ 'ਤੇ ਫਰਾਰ ਹੋ ਗਿਆ।
ਪਿੰਡ ਖੈਰਾ ਖੁਰਦ ਵਿਖੇ 8 ਸਾਲਾ ਬੱਚੀ ਨੂੰ ਮੁਲਜ਼ਮ ਰਾਜਾ ਰਾਮ ਗੱਲਾਂ 'ਚ ਲਾ ਕੇ ਕਿਸੇ ਕੋਠੇ 'ਚ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਪਰਿਵਾਰਕ ਜੀਆਂ ਮੁਤਾਬਕ ਉਸ ਸਮੇਂ ਬੱਚੀ ਗੁਆਂਢ 'ਚ ਖੇਡਣ ਗਈ ਹੋਈ ਸੀ। ਘਟਨਾ ਪਿੱਛੋਂ ਰਾਜਾ ਰਾਮ ਨੇ ਕੁਝ ਵੀ ਨਾ ਦੱਸਣ ਦੀ ਗੱਲ ਕਹੀ ਤੇ ਕੁੱਟਮਾਰ ਵੀ ਕੀਤੀ।
ਪੀੜਤ ਬੱਚੀ ਨੇ ਘਰ ਆ ਕੇ ਮਾਪਿਆਂ ਨੂੰ ਆ ਕੇ ਦੱਸਿਆ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦੇ ਕੇ ਬੱਚੀ ਨੂੰ ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿਖੇ ਦਾਖ਼ਲ ਕਰਵਾਇਆ। ਥਾਣਾ ਸਰਦੂਲਗੜ੍ਹ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੇ ਬਿਆਨਾਂ 'ਤੇ ਖੈਰਾ ਖੁਰਦ ਵਾਸੀ ਰਾਜਾ ਰਾਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਬੱਚੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।