ਲੁਧਿਆਣਾ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਸ ਨੇ ਕੰਮ ਹੀ ਜੁੱਤੀਆਂ ਖਾਣ ਵਾਲੇ ਕੀਤੇ ਹਨ। ਹਾਲਾਂਕਿ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਕਿਸੇ 'ਤੇ ਵੀ ਜੁੱਤੀ ਸੁੱਟਣ ਦਾ ਸਮਰਥਨ ਨਹੀਂ ਕਰਦੇ।









ਛੋਟੇਪੁਰ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਵੇਂ ਭ੍ਰਿਸ਼ਟਾਚਾਰ ਦੇ ਰਿਕਾਰਡ ਤੋੜੇ ਹਨ, ਉਸ ਤਰ੍ਹਾਂ ਹੀ ਦੋ ਦਿਨ ਤੋਂ ਵਿਧਾਨ ਸਭਾ ਹਾਲ ਵਿੱਚ ਧਰਨਾ ਦੇ ਰਹੇ ਵਿਧਾਇਕਾਂ ਦਾ ਬਿਜਲੀ ਪਾਣੀ ਬੰਦ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ ਜੋ ਅਕਾਲੀਆਂ ਦੇ ਜੁੱਤੀਆਂ ਖਾਣ ਦੀ ਕਾਰਵਾਈ ਦਾ ਹੀ ਇੱਕ ਕਦਮ ਹੈ।









ਛੋਟੇਪੁਰ ਪੰਜਾਬ ਪਰਿਵਰਤਨ ਯਾਤਰਾ ਤਹਿਤ ਲੁਧਿਆਣਾ ਵਿੱਚ ਵਲੰਟੀਅਰਜ਼ ਦੇ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਛੋਟੇਪੁਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ, ਪਾਣੀ ਜਿਹੇ ਜਨਹਿੱਤ ਮੁੱਦਿਆਂ 'ਤੇ ਕੋਈ ਜੇਕਰ ਬਹਿਸ ਕਰਨ ਚਾਹੁੰਦਾ ਹੈ ਤਾਂ ਇਸ ਵਿੱਚ ਕੁਝ ਗਲਤ ਨਹੀਂ। ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਸੀ, ਨਾ ਕਿ ਬਹਿਸ ਲਈ ਡਟੇ ਵਿਧਾਇਕਾਂ ਨੂੰ ਜਬਰਨ ਬਾਹਰ ਕੱਢਣ ਲਈ ਬਿਜਲੀ-ਪਾਣੀ ਬੰਦ ਕਰਨਾ ਚਾਹੀਦਾ ਸੀ। ਉੱਥੇ ਮਹਿਲਾ ਵਿਧਾਇਕਾਂ ਨੂੰ ਵੀ ਅੰਦਰ ਰਹਿਣਾ ਪਿਆ, ਜਦਕਿ ਕੋਈ ਮਹਿਲਾ ਗਾਰਡ ਅੰਦਰ ਨਹੀਂ ਸੀ।