ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਵੱਲ ਵਿਧਾਨ ਸਭਾ 'ਚ ਜੁੱਤੀ ਸੁੱਟਣ ਵਾਲੇ ਕਾਂਗਰਸ ਵਿਧਾਇਕ ਨੇ ਸਫਾਈ ਦਿੱਤੀ ਹੈ। ਵਿਧਾਇਕ ਤਰਲੋਚਨ ਸਿੰਘ ਸੂੰਢ ਦਾ ਕਹਿਣਾ ਹੈ ਕਿ ਜੁੱਤੀ ਮਜੀਠੀਆ ਵੱਲ ਨਹੀਂ ਸਗੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਸੂੰਧ ਮੁਤਾਬਕ ਕਿਉਂਕਿ ਉਹ ਪਛੜੀ ਜਾਤੀ ਨਾਲ ਸਬੰਧ ਰੱਖਦੇ ਹਨ ਤੇ ਵਲਟੋਹਾ ਨੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਗੁੱਸਾ ਆਇਆ।ਤਰਲੋਚਨ ਸਿੰਘ ਮੁਤਾਬਕ ਉਹ ਹਮੇਸ਼ਾ ਆਪਣੀ ਮਰਿਆਦਾ 'ਚ ਰਹਿੰਦੇ ਹਨ ਤੇ ਵਿਧਾਨ ਸਭਾ 'ਚ ਸਭ ਦਾ ਸਨਮਾਨ ਕਰਦੇ ਹਨ ਪਰ ਅੱਜ ਜਿਸ ਤਰ੍ਹਾਂ ਦਾ ਵਿਵਹਾਰ ਵਲਟੋਹਾ ਨੇ ਕੀਤਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ।
ਕਾਬਲੋਗੌਰ ਹੈ ਕਿ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਇਲਜ਼ਾਮ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਡ ਨੇ ਅਕਾਲੀ ਲੀਡਰਾਂ ਵੱਲ ਜੁੱਤੀ ਸੁੱਟੀ। ਪਹਿਲਾਂ ਕਾਂਗਰਸ ਮਨ੍ਹਾ ਕਰ ਰਹੀ ਸੀ ਕਿ ਉਨ੍ਹਾਂ ਨੇ ਜੁੱਤੀ ਨਹੀਂ ਸੁੱਟੀ ਪਰ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਡ ਦੇ ਪੈਰ ਵਿੱਚ ਜੁੱਤੀ ਨਹੀਂ ਸੀ। ਇਸ ਤੋਂ ਬਾਅਦ ਮਜੀਠੀਆ ਵੀ ਗੁੱਸੇ ਵਿੱਚ ਆ ਗਏ ਤੇ ਕਿਹਾ ਕਿ ਜੇਕਰ ਮਾਂ ਦਾ ਦੁੱਧ ਪੀਤਾ ਹੈ ਤਾਂ ਸਾਹਮਣੇ ਆ ਕੇ ਲੜੋ।
ਸੋਮਵਾਰ ਸ਼ਾਮ ਤੋਂ ਹੀ ਵਿਧਾਨ ਸਭਾ ਹਾਲ ਦੇ ਅੰਦਰ ਧਰਨੇ ‘ਤੇ ਬੈਠੇ ਕਾਂਗਰਸੀ ਵਿਧਾਇਕਾਂ ਨੇ ਬੁੱਧਵਾਰ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸੀ ਵਿਧਾਇਕਾਂ ਨੇ ਬੇਭਰੋਸਗੀ ਮਤੇ ‘ਤੇ ਬਹਿਸ ਦੀ ਮੰਗ ਕਰਦੇ ਹੋਏ ਸਦਨ ਦੀ ਕਾਰਵਾਈ ਦਾ ਵਿਰੋਧ ਕੀਤਾ। ਕਾਂਗਰਸੀ ਵਿਧਾਇਕਾਂ ਨੇ ਇਸ ਪ੍ਰਦਰਸ਼ਨ ਦੌਰਾਨ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਕੁਰਸੀ ਵੱਲ ਕਾਗਜ਼ ਵੀ ਸੁੱਟੇ।
ਕਾਂਗਰਸੀ ਵਿਧਾਇਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਆਖਰੀ ਦਿਨ ਸਪੀਕਰ ਵੱਲੋਂ ਪ੍ਰਸ਼ਾਨ ਕਾਲ ‘ਤੇ ਧਿਆਨ ਦਿਵਾਉ ਮਤੇ ਮੁਅੱਤਲ ਕਰ ਦਿੱਤੇ ਗਏ ਹਨ ਪਰ ਕਾਂਗਰਸ ਦੇ ਵਿਰੋਧ ਦੇ ਬਾਵਜੂਦ ਵੀ ਸਦਨ ਦੀ ਕਾਰਵਾਈ ਜਾਰੀ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਹੀ ਕਈ ਬਿੱਲ ਪਾਸ ਕੀਤੇ ਗਏ ਹਨ।