ਹਰਿਦੁਆਰਾ: ਇੱਥੇ ਦਿੱਲੀ ਕੌਮੀ ਸ਼ਾਹਰਾਹ 'ਤੇ ਗੰਗਾ ਦੇ ਕਿਨਾਰੇ ਬਣੇ ਹੋਏ 102 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਨਾਨਕਵਾੜਾ ਜਿਸ ਨੂੰ ਨਿਰਮਲ ਵਿਰਕਤ ਵੀ ਕਿਹਾ ਜਾਂਦਾ ਹੈ, ਨੂੰ ਭੂ ਮਾਫੀਆ ਵੱਲੋਂ ਇੱਕ ਵਾਰ ਫਿਰ ਤੋਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰੇ ਦੀ ਜ਼ਮੀਨ ਵੇਚਣ ਤੋਂ ਬਾਅਦ ਇਸ ਜ਼ਮੀਨ 'ਤੇ ਹੁਣ ਹੋਟਲ ਬਣਾਉਣ ਦੀ ਯੋਜਨਾ ਹੈ। ਜਾਣਕਾਰੀ ਮੁਤਾਬਕ ਗੁਰਦੁਆਰੇ ਦੀ ਸਰਾਂ ਦੇ 32 ਕਮਰੇ ਖੰਡਰ ਕਰਾਰ ਦੇ ਕੇ ਪਹਿਲਾਂ ਹੀ ਢਾਹ ਦਿੱਤੇ ਗਏ ਸਨ। ਗੁਰਦੁਆਰਾ ਦੇ ਨਾਲ ਲੱਗਦੇ ਸਤੀ ਘਾਟ 'ਤੇ ਸਿੱਖ ਭਾਈਚਾਰੇ ਦੇ ਲੋਕ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਆਉਂਦੇ ਹਨ।





ਭੂ-ਮਾਫੀਆ ਦੇ ਦੋ ਗਰੁੱਪ ਇਸ ਗੁਰਦੁਆਰੇ ਦੀ ਜ਼ਮੀਨ ਹੜੱਪਣਾ ਚਾਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਭਾਜਪਾ ਤੇ ਇੱਕ ਕਾਂਗਰਸ ਨਾਲ ਸਬੰਧਤ ਹੈ। ਭਾਜਪਾ ਵਾਲਾ ਧੜਾ ਗੁਰਦੁਆਰੇ 'ਤੇ ਕਾਬਜ਼ ਸੀ ਤੇ ਭੂ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਇੱਕ ਧੜੇ ਦੇ ਕਾਬਜ਼ ਹੁੰਦਿਆਂ ਕਾਂਗਰਸ ਦੇ ਧੜੇ ਨੇ ਗੁਰਦੁਆਰੇ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ ਹੈ। ਗੁਰਦੁਆਰੇ ਦੀਆਂ ਹੁਣ ਤੱਕ 8 ਰਜਿਸਟਰੀਆਂ ਤੇ 6 ਸੇਲ ਐਗਰੀਮੈਂਟ ਹੋ ਚੁੱਕੇ ਹਨ।







ਮੁੱਖ ਮੰਤਰੀ ਹਰੀਸ਼ ਰਾਵਤ ਦੇ ਸਲਾਹਕਾਰ ਰਣਜੀਤ ਰਾਵਤ ਨਾਲ ਜੁੜੇ ਭੂ ਮਾਫੀਆ ਨੂੰ ਗੁਰਦੁਆਰੇ ਦੇ ਕੇਅਰ ਟੇਕਰ ਪ੍ਰਵੀਨ ਯਾਦਵ ਨੇ ਗੁਰਦੁਆਰੇ ਦੀ 1280 ਵਰਗ ਮੀਟਰ ਜ਼ਮੀਨ 80 ਲੱਖ ਵਿੱਚ ਵੇਚ ਦਿੱਤੀ ਹੈ ਜਦਕਿ ਇਸ ਦੀ ਕੀਮਤ 4 ਕਰੋੜ ਤੋਂ ਵੀ ਵੱਧ ਹੈ।





ਦੂਜਾ ਭਾਜਪਾ ਧੜਾ ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਦੇ ਕਰੀਬੀ ਤੇ ਹਰਿਦੁਆਰ ਤੋਂ ਭਾਜਪਾ ਸਾਂਸਦ ਸੁਖਦੇਵ ਸਿੰਘ ਨਾਮਧਾਰੀ (ਪੋਂਟੀ ਚੱਢਾ ਮਾਮਲੇ 'ਚ ਜੇਲ੍ਹ 'ਚ ਬੰਦ ਹੈ) ਦਾ ਧੜਾ ਹੈ, ਜਿਸ ਦੇ 25-30 ਸੇਵਾਦਾਰ ਗੁਰਦੁਆਰੇ ਅੰਦਰ ਸੇਵਾ ਕਰਦੇ ਹਨ। ਅਜਿਹੀ ਕਾਰਵਾਈ ਤੋਂ ਬਾਅਦ ਇਨ੍ਹਾਂ ਦੋਵਾਂ ਧੜਿਆਂ ਵਿੱਚ ਵਿਵਾਦ ਵਧਣ ਦੇ ਆਸਾਰ ਹਨ ਤੇ ਅਜਿਹੇ ਮਾਹੌਲ ਵਿੱਚ ਜਿੱਥੇ ਇਤਿਹਾਸਕ ਧਰੋਹਰ ਦੇ ਮਿਟਣ ਦਾ ਖਤਰਾ ਪੈਦਾ ਹੋ ਗਿਆ ਹੈ, ਉੱਥੇ ਹੀ ਸੰਗਤ ਨੂੰ ਵੀ ਦਰਸ਼ਨ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ।





ਸ਼੍ਰੋਮਣੀ ਕਮੇਟੀ ਦਫਤਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਉਹ ਨਿਯਮਾਂ ਮੁਤਾਬਕ ਜਲਦ ਕਾਨੂੰਨੀ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਕਿ ਹਰਿ ਕੀ ਪੌੜੀ 'ਤੇ ਬਣੇ ਹਰਿਦੁਆਰ ਦੇ 450 ਸਾਲ ਪੁਰਾਣੇ ਇਤਿਹਾਸਕ ਗੁਰਦਆਰਾ ਗਿਆਨ ਗੋਦੜੀ ਦੀ ਹੋਂਦ ਵੀ ਖਤਰੇ ਵਿੱਚ ਹੈ।