ਗੁਰਦਾਸਪੁਰ :  ਗੁਰਦਾਸਪੁਰ ਵਿੱਚ ਇਸਾਈ ਧਰਮ ਦਾ ਪ੍ਰਚਾਰ ਕਰ ਰਹੀਆਂ ਮਹਿਲਾਵਾਂ ਨੂੰ ਹਿੰਦੂ ਧਰਮ ਦੇ ਲੋਕਾਂ ਵੱਲੋਂ ਰੋਕੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਭਾਰੀ ਗਿਣਤੀ ਵਿੱਚ ਇੱਕਠੇ ਹੋਏ ਇਸਾਈ ਭਾਈਚਾਰੇ ਦੇ ਲੋਕਾਂ ਨੇ ਥਾਣਾ ਸਿਟੀ ਗੁਰਦਾਸਪੁਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਹਨਾਂ ਦੀਆਂ ਮਹਿਲਾਵਾਂ ਨੂੰ ਕੁੱਝ ਹਿੰਦੁ ਧਰਮ ਦੇ ਲੋਕਾਂ ਵੱਲੋਂ ਜਾਣਬੁੱਝ ਨੇ ਥਾਣੇ ਵਿੱਚ ਲਿਆਂਦਾ ਹੈ ਅਤੇ ਉਨ੍ਹਾਂ ਨਾਲ ਬਤਮੀਜੀ ਕੀਤੀ ਹੈ। ਦੂਜੇ ਪਾਸੇ ਹਿੰਦੁ ਧਰਮ ਦੇ ਲੋਕਾਂ ਨੇ ਵੀ ਬਾਜ਼ਾਰ ਬੰਦ ਕਰਨ ਦੀ ਕਾਲ ਦਿੱਤੀ ਹੈ ਅਤੇ ਪੁਲੀਸ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਕੁਰ ਨਰੂਲਾ ਮਨਿਸਟਰੀ ਦੇ ਆਗੂ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਦੀ ਮਨਿਸਟਰੀ ਨਾਲ ਸਬੰਧਤ ਕੁੱਝ ਮਹਿਲਾਵਾਂ ਈਸਾਈ ਧਰਮ ਦਾ ਪ੍ਰਚਾਰ ਕਰਨ ਦੇ ਲਈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਵਿਖੇ ਗਈਆਂ ਸਨ, ਜਿੱਥੇ ਕੁਝ ਹਿੰਦੂ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਕੋਲੋਂ ਧੱਕੇ ਨਾਲ ਜੈ ਸ੍ਰੀਰਾਮ ਅਤੇ ਜੈ ਸ਼ੰਕਰ ਦੇ ਨਾਅਰੇ ਲਗਵਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀਆਂ ਮਹਿਲਾਵਾਂ ਨਾਲ ਬਦਤਮੀਜ਼ੀ ਕੀਤੀ ਹੈ ਅਤੇ ਬਾਅਦ ਉਨ੍ਹਾਂ ਨੂੰ ਥਾਣੇ ਵਿਚ ਫੜਵਾ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਵੀ ਬਿਨਾਂ ਕਿਸੇ ਮਹਿਲਾ ਪੁਲਿਸ ਤੋਂ ਉਨ੍ਹਾਂ ਦੀਆਂ ਮਹਿਲਾਵਾਂ ਨੂੰ ਥਾਣੇ ਵਿੱਚ ਲਿਆਂਦਾ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਹੈ। ਅੱਜ ਉਨ੍ਹਾਂ ਨੇ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਕਰ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਹਿਲਾਵਾਂ ਨੂੰ ਬਿਨਾਂ ਮਹਿਲਾਂ ਪੁਲਿਸ ਤੋਂ ਥਾਣੇ ਵਿੱਚ ਲਿਆਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਜਿਹਨਾਂ ਲੋਕਾਂ ਨੇ ਉਹਨਾਂ ਦੀਆਂ ਮਹਿਲਾਵਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਉਪਰ ਮਮਲਾ ਦਰਜ਼ ਕੀਤਾ ਜਾਵੇ। 


 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਹਿਰਾਮਪੁਰ ਰੋਡ ਵਾਸੀ ਵਿਅਕਤੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕੁਝ ਈਸਾਈ ਧਰਮ ਦੇ ਨਾਲ ਸਬੰਧਿਤ ਮਹਿਲਾਵਾਂ ਆਈਆਂ ਸਨ ਜੋ ਕਿ ਧੱਕੇ ਨਾਲ ਉਨ੍ਹਾਂ ਦੇ ਘਰਾਂ ਵਿੱਚ ਵੜ ਕੇ ਈਸਾਈ ਭਾਈਚਾਰੇ ਦਾ ਪ੍ਰਚਾਰ ਕਰ ਰਹੀਆਂ ਸਨ ਅਤੇ ਉਨ੍ਹਾਂ ਦੇ ਊਪਰ ਧਰਮ ਪਰਿਵਰਤਨ ਦੇ ਲਈ ਦਬਾਅ ਬਣਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਕਈ ਲੋਕ ਪਹਿਲਾਂ ਵੀ ਧੱਕੇ ਦੇ ਨਾਲ ਲੋਕਾਂ ਦੇ ਧਰਮ ਪਰਿਵਰਤਨ ਕਰਵਾ ਚੁੱਕੇ ਹਨ, ਜਿਸ ਦੇ ਲਈ ਇਨ੍ਹਾਂ ਨੂੰ ਮਹਿਲਾਵਾਂ ਨੂੰ ਫੜ ਕੇ ਥਾਣੇ ਵਿਚ ਭੇਜਿਆ ਗਿਆ ਹੈ ,ਜਿਸ ਲਈ ਅੱਜ ਉਨ੍ਹਾਂ ਨੇ ਗੁਰਦਾਸਪੁਰ ਸ਼ਹਿਰ ਨੂੰ ਬੰਦ ਕਰਵਾ ਕੇ ਕਿਹਾ ਕਿ ਜੇਕਰ ਉਨ੍ਹਾਂ ਦੇ ਉੱਪਰ ਕੋਈ ਗਲਤ ਕਾਰਵਾਈ ਹੋਈ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਹੈੱਡਕੁਆਰਟਰ ਨਵਜੋਤ ਸਿੰਘ ਨੇ ਦੱਸਿਆ ਕਿ ਦੋਨਾਂ ਧਿਰਾਂ ਨੂੰ ਸਮਝਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਜੋ ਵੀ ਮਾਮਲਾ ਹੈ, ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।