GST on Sirais : ਸਰਾਵਾਂ  'ਤੇ ਜੀਐੱਸਟੀ ਲਗਾਉਣ ਨੂੰ ਲੈ ਕੇ ਮੋਦੀ ਸਰਕਾਰ ਚੁਫੇਰਿਓਂ ਘਿਰ ਚੁੱਕੀ ਹੈ। ਜਿੱਥੇ ਵਿਰੋਧ ਲਗਾਤਾਰ ਕੇਂਦਰ ਸਰਕਾਰ  'ਤੇ ਹਮਲਾਵਰ ਨਜ਼ਰ ਆ ਰਹੇ ਹਨ ਉੱਥੇ ਹੀ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਨੂੰ ਲੈ ਕੇ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਹਨ। ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਗੋਲਡਨ ਟੈਂਪਲ ਸਰਾਵਾਂ 'ਤੇ ਜੀਐਸਟੀ ਲਗਾਉਣਾ ਅਤਿਆਚਾਰ ਹੈ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਬਗਾਵਤ ਕਰਨ ਲਈ ਸਿੱਖ ਸੰਗਤ ਨੂੰ ਸਜ਼ਾ ਦੇਣ ਦੀ ਜਾਣਬੁੱਝ ਕੇ ਕੋਸ਼ਿਸ਼ ਹੈ। 



ਵੜਿੰਗ ਨੇ ਕਿਹਾ ਕਿ ਭਾਜਪਾ ਨੂੰ ਇਸ ਲਈ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਸਰਾਵਾਂ 'ਤੇ GST ਲਾਉਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਇਸ ਤੋਂ ਘੱਟ ਕੁਝ ਵੀ ਕਾਫੀ ਨਹੀਂ ਹੋਵੇਗਾ।






ਮੁੱਖ ਮੰਤਰੀ ਨੇ ਵੀ ਕੇਂਦਰ ਨੂੰ ਕੀਤੀ ਅਪੀਲ


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ‘ਤੇ 12% GST ਲਾਉਣ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਧਰਮ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ‘ਤੇ ਲਗਾਇਆ ਗਿਆ ਹੈ। ਕੇਂਦਰ ਨੂੰ ਅਪੀਲ ਹੈ ਕਿ ਤੁਰੰਤ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ।


ਗਰੇਵਾਲ ਨੇ ਆਪਣੀ ਸਰਕਾਰ ਦਾ ਕੀਤਾ ਵਿਰੋਧ


ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਸਰਾਵਾਂ 'ਤੇ GST ਲਾਉਣਾ ਗਲਤ ਹੈ। ਹਰਜੀਤ ਗਰੇਵਾਲ ਨੇ ਕਿਹਾ ਕਿ ਸਰਕਾਰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਦੇਸ਼ ਦੀ ਸਰਕਾਰ ਦੀ ਕੋਈ ਮਨਸ਼ਾ ਨਹੀਂ ਸੀ ਇਹ ਸਿਰਫ ਅਧਿਕਾਰੀਆਂ ਦੀ ਗਲਤੀ ਸੀ। ਜਿਸ ਥਾਂ 'ਤੇ ਕੋਈ ਬਿਜਨੈੱਸ ਨਹੀਂ ਹੋ ਰਿਹਾ ਧਾਰਮਿਕ ਭਾਵਨਾਵਾਂ ਨਾਲ ਕੰਮ ਹੋ ਰਿਹਾ ਹੈ ਉੱਥੇ ਜੀਐਸਟੀ ਨਹੀਂ ਲਾਉਣੀ ਚਾਹੀਦੀ। ਇਹ ਸਿਰਫ ਇਕ ਧਰਮ ਨਹੀਂ ਸਾਰੇ ਧਰਮਾਂ ਦਾ ਮੁੱਦਾ ਹੈ ਦਰਬਾਰ ਸਾਹਿਬ 'ਚ ਜੀਐਸਟੀ ਨਹੀਂ ਲੱਗੇਗਾ ਤੇ ਇਸ ਵਾਪਸ ਲਿਆ ਜਾਵੇਗਾ।