ਤਰਨ ਤਾਰਨ: ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਬਣੇ ਉਸਮਾ ਟੋਲ ਪਲਾਜ਼ਾ ਦੇ ਕਰਮਚਾਰੀਆਂ 'ਤੇ ਕੁਝ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਮਹਿਲਾ ਮੁਲਾਜ਼ਮ ਸਮੇਤ ਹੋਰਾਂ ਨੂੰ ਵੀ ਸੱਟਾਂ ਵੱਜੀਆਂ। ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਪਰ ਗੁੱਸੇ ਵਿੱਚ ਆਏ ਹਮਲਾਵਰਾਂ ਨੇ ਟੋਲ ਪਲਾਜ਼ੇ ਦੀ ਖਾਸੀ ਭੰਨਤੋੜ ਕੀਤੀ। ਹਮਲਾਵਰਾਂ ਦੀ ਹਾਲੇ ਤਕ ਸ਼ਨਾਖ਼ਤ ਨਹੀਂ ਹੋ ਸਕੀ ਹਾਲਾਂਕਿ, ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਟੋਲ ਪਲਾਜਾ ਦੇ ਕਰਮਚਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਕੁਝ ਲੋਕਾਂ ਕੋਲੋਂ ਟੋਲ ਦੀ ਪਰਚੀ ਮੰਗੀ ਸੀ ਪਰ ਉਨ੍ਹਾਂ ਵੱਲੋਂ ਪਰਚੀ ਕਟਵਾਉਣ ਦੀ ਬਜਾਏ ਬਹਿਸ ਕੀਤੀ। ਜਦ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਗਿਆ ਤਾਂ ਹਥਿਆਰਾਂ ਨਾਲ ਲੈਸ ਉਕਤ ਲੋਕਾਂ ਨੇ ਟੋਲ ਪਲਾਜ਼ਾ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਕਰਮਚਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ।

ਜ਼ਖ਼ਮੀ ਕਰਮਚਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰ ਹਮਲਾਵਰਾਂ ਨੇ ਫਿਰ ਵੀ ਟੋਲ ਪਲਾਜ਼ਾ ਦੀ ਭੰਨਤੋੜ ਕੀਤੀ। ਉੱਧਰ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪੜਤਾਲ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।