ਚੰਡੀਗੜ੍ਹ: ਅਕਤੂਬਰ 2015 ਵਿੱਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਸਹਿਯੋਗ ਨਹੀਂ ਕਰੇਗਾ। ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਸਆਈਟੀ ਦੀ ਖਾਸੀ ਖ਼ਿਲਾਫਤ ਕੀਤੀ। ਇਸ ਦੇ ਨਾਲ ਹੀ ਅਕਾਲੀ-ਬੀਜੇਪੀ ਦਾ ਵਫ਼ਦ ਗਵਰਨਰ ਤਕ ਵੀ ਪਹੁੰਚ ਕਰੇਗਾ।

ਨਵਾਂ ਸ਼ਹਿਰ ਪਹੁੰਚੇ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ SIT ਕੈਪਟਨ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਮਨਤਾਰ ਸਿੰਘ ਬਰਾੜ 'ਤੇ ਪਰਚਾ ਪਾ ਦਿੱਤਾ ਅਤੇ ਹੁਣ ਇਹ ਸਾਰੇ ਐਮਐਲਏ 'ਤੇ ਪਰਚੇ ਪਾਉਣਗੇ। ਬਾਦਲ ਨੇ ਕਿਹਾ ਕਿ ਜੇ ਐਮਐਲਏ ਨੇ ਫੋਨ ਕੀਤਾ ਇਸ ਦਾ ਮਤਲਬ ਕਤਲ ਉਸ ਨੇ ਕੀਤਾ ? ਉਨ੍ਹਾਂ ਐਸਆਈਟੀ ਦੇ ਮੈਂਬਰ ਆਈਜੀ ਕੁਵੰਰ ਵਿਜੇ ਪ੍ਰਤਾਪ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕੈਪਟਨ ਨਾਲ ਗੱਲ ਕਰਦਾ ਹੈ ਅਤੇ ਅਕਾਲੀ ਦਲ ਵਿਰੁੱਧ ਇਸ ਸਾਜ਼ਿਸ਼ ਵਿੱਚ ਉਹ ਹੀ ਸ਼ਾਮਲ ਹੋਵੇਗਾ।

ਸਾਬਕਾ ਵਿਧਾਇਕ ਮਨਤਾਰ ਬਰਾੜ 'ਤੇ ਕਾਰਵਾਈ ਤੋਂ ਖ਼ਫ਼ਾ ਹੋਏ ਅਕਾਲੀ ਦਲ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਅਤੇ SIT 'ਤੇ ਇੱਕਪਾਸੜ ਹੋਣ ਦੇ ਦੋਸ਼ ਲਾਏ। ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਪਾਰਟੀ ਦੇ ਬੁਲਾਰੇ ਦਲਜੀਤ ਚੀਮਾ ਸਮੇਤ ਹੋਰ ਲੀਡਰਾਂ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਬੇਅਦਬੀ ਤੇ ਗੋਲ਼ੀਕਾਂਡ ਮਾਮਲੇ ਤੇ ਬਣੀ SIT ਦਾ ਬਾਈਕਾਟ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ SIT ਨਾਲ ਸਹਿਯੋਗ ਨਹੀਂ ਕਰੇਗਾ। ਅਕਾਲੀ ਲੀਡਰਾਂ ਨੇ ਮੰਗ ਕੀਤੀ ਕਿ ਘਟਨਾਵਾਂ ਦੀ ਜਾਂਚ ਨਿਰਪੱਖ ਏਜੰਸੀ ਤੇ SC ਦੇ ਜੱਜ ਦੀ ਨਿਗਰਾਨੀ ਹੇਠ ਹੋਵੇ ਅਤੇ ਕੋਟਕਪੂਰਾ ਗੋਲ਼ੀਕਾਂਡ ਦੇ ਨਾਲ-ਨਾਲ ਦਿੱਲੀ ਕਤਲੇਆਮ ਦਾ ਵੀ ਇਨਸਾਫ਼ ਮਿਲੇ।