ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਨੇ ਬਿਜਲੀ ਅੰਦੋਲਨ ਭਖਾ ਲਿਆ ਹੈ। ਅਜਿਹੇ ਹੀ ਅੰਦੋਲਨ ਨਾਲ ਅਰਵਿੰਦ ਕੇਜਰੀਵਾਲ ਨੇ ਦਿੱਲੀ ਦਾ ਤਖਤ ਜਿੱਤਿਆ ਸੀ। ਕੇਜਰੀਵਾਲ ਨੇ ਖੁਦ ਖੰਬਿਆਂ 'ਤੇ ਚੜ੍ਹ ਕੇ ਤਾਰਾਂ ਦੇ ਕੂਨੈਕਸ਼ਨ ਜੋੜੇ ਸੀ। ਇਸ ਨਾਲ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਚੰਗਾ ਹੁੰਗਾਰਾ ਦਿੱਤਾ ਸੀ। ਹੁਣ ਭਗਵੰਤ ਮਾਨ ਵੀ ਇਹੀ ਫਾਰਮੂਲਾ ਵਰਤ ਰਹੇ ਹਨ। 'ਆਪ' ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਅੱਧੇ ਪੰਜਾਬ ਵਿੱਚ ਅੰਦਲੋਨ ਪਹੁੰਚ ਗਿਆ ਹੈ।


ਆਮ ਆਦਮੀ ਪਾਰਟੀ ਨੇ ਲੋਕਾਂ ਤੱਕ ਪਹੁੰਚ ਕਰਨ ਲਈ ਅਜਿਹੇ ਮੁੱਦੇ ਨੂੰ ਫੜਿਆ ਹੈ ਜਿਸ ਦਾ ਸੇਕ ਹਰ ਕਿਸੇ ਨੂੰ ਲੱਗਦਾ ਹੈ। ਪੰਜਾਬ ਵਿੱਚ ਬਿਜਲੀ ਦਰਾਂ ਕਾਫੀ ਉੱਚੀਆਂ ਹਨ। ਬਿਜਲੀ ਦੀ ਖਪਤ ਵਧਣ ਕਰਕੇ ਬਿੱਲ ਵੀ ਮੋਟੇ ਆਉਂਦੇ ਹਨ। ਇਸ ਲਈ ਪਾਰਟੀ ਨੂੰ ਹੁੰਗਾਰਾ ਵੀ ਕਾਫੀ ਮਿਲ ਰਿਹਾ ਹੈ।

ਦਿਲਚਸਪ ਗੱਲ਼ ਹੈ ਕਿ ਕਾਂਗਰਸ ਸਰਕਾਰ ਵੱਲੋਂ ਐਸਸੀ/ਬੀਸੀ ਤੇ ਬੀਪੀਐਲ ਪਰਿਵਾਰਾਂ ਦੇ ਬਿੱਲ ਮਾਫ਼ ਕਰਨ ਦਾ ਸਿਹਰਾ ਵੀ ਆਪਣੇ ਬਿਜਲੀ ਅੰਦੋਲਨ ਸਿਰ ਬੰਨ੍ਹਿਆ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਅਜਿਹਾ ਕਰਕੇ ਅੱਧੀ ਜੰਗ ਜਿੱਤ ਲਈ ਹੈ। ਹੁਣ ਪਿਛਲੀ ਸਰਕਾਰ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਇਕਰਾਰਨਾਮੇ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਮਹਿੰਗੀ ਬਿਜਲੀ ਦਾ ਮੁੱਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵੀ ਉਠਾਇਆ ਸੀ। ਇਸ ਦੇ ਫਲਸਰੂਪ ਕਾਂਗਰਸ ਪਾਰਟੀ ਨੂੰ ਸੂਬੇ ਦੇ ਐਸਸੀ/ਬੀਸੀ ਤੇ ਬੀਪੀਐਲ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨੇ ਪਏ ਹਨ।

ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਖ਼ੁਦ ਬਿਜਲੀ ਉਤਪਾਦਕ ਹੋਣ ਦੇ ਬਾਵਜੂਦ ਪੰਜਾਬ ਵਿੱਚ ਪੂਰੇ ਦੇਸ਼ ਨਾਲੋਂ ਮਹਿੰਗੀ ਬਿਜਲੀ ਮਿਲ ਰਹੀ ਹੈ ਜਦੋਂਕਿ ਦਿੱਲੀ ਵਰਗੇ ਸੂਬੇ 'ਚ ਹੋਰ ਸੂਬਿਆਂ ਤੋਂ ਬਿਜਲੀ ਖ਼ਰੀਦ ਕੇ ਸਸਤੇ ਰੇਟਾਂ ਤੇ ਬਿਜਲੀ ਮੁਹੱਈਆ ਕਰਵਾ ਰਹੇ ਹਨ।