ਗੁਰਦਾਸਪੁਰ: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ ਮੌਕੇ ਅੱਜ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ। ਇਸ ਪਿੱਛੋਂ ਕਾਂਗਰਸ ਤੇ ਅਕਾਲੀ ਸਮਰਥਕ ਆਪਸ ਵਿੱਚ ਭਿੜ ਗਏ।

ਹੰਗਾਮੇ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਕੁਰਸੀਆਂ ਤੇ ਤਲਵਾਰਾਂ ਦੀ ਬਾਰਸ਼ ਕੀਤੀ ਗਈ। ਕੁਝ ਸਮਰਥਕਾਂ ਦੀ ਪੱਗ ਵੀ ਉੱਤਰ ਗਈ। ਕੰਪਲੈਕਸ ’ਚ ਮੌਜੂਦ ਪੁਲਿਸ ਪ੍ਰਸ਼ਾਸਨ ਪਹਿਲਾਂ ਤਾਂ ਇਹ ਸਭ ਮੂਕ ਦਰਸ਼ਕ ਬਣਕੇ ਵੇਖਦਾ ਰਿਹਾ ਪਰ ਹੰਗਾਮਾ ਵਧਦਾ ਵੇਖ ਦੋਵਾਂ ਪਾਰਟੀਆਂ ਦੇ ਸਮਰਥਕਾਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ ਗਿਆ।

ਝਗੜੇ ਦੌਰਾਨ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਤੇ ਮੌਜੂਦਾ ਕਾਂਗਰਸ ਵਿਧਾਇਕ ਬਰਿੰਦਰਮੀਤ ਪਾਹੜਾ ਦੇ ਭਰਾ ਬਲਜੀਤ ਸਿੰਘ ਪਾਹੜਾ ਵੀ ਮੌਜੂਦ ਸਨ। ਕਾਂਗਰਸ ਤੇ ਅਕਾਲੀ ਦਲ ਦੀ ਆਪਸੀ ਝੜਪ ਸਬੰਧੀ ਬੱਬੇਹਾਲੀ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਰਕਾਰ ਦੇ ਦਬਾਅ ਹੇਠ ਗ਼ਲਤ ਤਰੀਕੇ ਨਾਲ ਰੱਦ ਕੀਤੇ ਗਏ ਹਨ। ਕਾਂਗਰਸ ਨੂੰ ਆਪਣੀ ਹਾਰ ਦਿੱਖ ਰਹੀ ਹੈ, ਇਸ ਲਈ ਉਹ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮੌਜੂਦਾ ਕਾਂਗਰਸ ਵਿਧਾਇਕ ਦੀ ਸ਼ਹਿ ਉੱਤੇ ਹੋਇਆ ਹੈ।