ਲੋਕ ਸਭਾ ਚੋਣਾਂ 2024 ਵਿੱਚ ਅਕਾਲੀ ਦਲ ਪੰਜਾਬ ਦੀਆਂ 13 ਸੀਟਾਂ ਵਿਚੋਂ ਮਹਿਜ਼ ਇੱਕ ਹੀ ਸੀਟ ਜਿੱਤ ਸਕਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਹੁਣ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਵੀ ਸੁਰ ਉੱਠਣ ਲੱਗੇ ਹਨ। ਬਾਦਲ ਦੇ ਖ਼ਾਸਮਖ਼ਾਸ ਇੱਕ ਦੂਜੇ ਦੇ ਭੇਤ ਖੋਲ੍ਹਣ ਲੱਗੇ ਹਨ। 


ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਉਹਨਾਂ ਦੇ ਸਲਾਹਕਾਰ ਚਰਨਜੀਤ ਸਿੰਘ ਬਰਾੜ ਵੀ ਇਸ ਵਾਰ ਖੁੱਲ੍ਹ ਕੇ ਸਾਹਮਣੇ ਆਏ ਹਨ। ਪ੍ਰਧਾਨ ਦੀ ਕੁਰਸੀ 'ਤੇ ਮੌਜੂਦ ਵਿਅਕਤੀ ਯਾਨੀ ਸੁਖਬੀਰ ਸਿੰਘ ਬਾਦਲ ਨੂੰ ਹੀ ਸਲਾਹਾਂ ਦੇ ਰਹੇ ਹਨ। 


ਇਸ ਦਰਮਿਆਨ ਚਰਨਜੀਤ ਸਿੰਘ ਬਰਾੜ ਅਤੇ ਪਰਮਬੰਸ ਸਿੰਘ ਬੰਟੀ ਰੋਮਾਨਾ ਨੇ ਇਕ ਦੂਜੇ ਵਿਰੁਧ ਗੰਭੀਰ ਦੋਸ਼ ਲਾਏ ਹਨ।  ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਹਾਰ ਲਈ ਕੁੱਝ ਸਲਾਹਕਾਰਾਂ ਨੂੰ ਜ਼ਿੰਮੇਵਾਰ ਦਸਦਿਆਂ ਵਿਸ਼ੇਸ਼ ਤੌਰ ’ਤੇ ਬੰਟੀ ਰੋਮਾਣਾ ਦਾ ਨਾਂ ਲਿਆ ਸੀ। 


ਹੁਣ ਬੰਟੀ ਰੋਮਾਨਾ ਨੇ ਬਰਾੜ ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਇਕ ਸਵਾਰੀਆਂ ਢੋਹਣ ਵਾਲਾ ਘੜੂੱਕਾ ਚਲਾਉਂਦਾ ਰਿਹਾ ਹੈ ਤੇ ਪਟਿਆਲਾ ਦੀ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਪਾਰਟੀ ਬਾਰੇ ਬੋਲ ਰਿਹਾ ਹੈ। ਪਹਿਲਾਂ ਪੀ.ਪੀ.ਪੀ. ਪਾਰਟੀ ਵਿਚ ਟਿਕਟ ਨਾ ਮਿਲਣ ਕਾਰਨ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਛੜਿਆ ਸੀ। ਉਨ੍ਹਾਂ ਸੁਖਬੀਰ 'ਤੇ ਵੀ ਸਵਾਲ ਉਠਾਇਆ ਕਿ ਪਤਾ ਨਹੀਂ ਅਜਿਹੇ ਬੰਦਿਆਂ ਨੂੰ ਕਿਉਂ ਨਾਲ ਰਖਿਆ ਗਿਆ? ਬੰਟੀ ਰੋਮਾਨਾ ਨੇ ਚਰਨਜੀਤ ਬਰਾੜ ਉਪਰ ਜਾਅਲੀ ਸਰਟੀਫ਼ੀਕੇਟ ਨਾਲ ਨੌਕਰੀ ਲੈਣ ਤੇ ਬਾਹਰੋਂ ਪੈਸੇ ਵਸੂਲਣ ਵਰਗੇ ਗੰਭੀਰ ਦੋਸ਼ ਵੀ ਲਾਏ ਹਨ।


ਦੂਜੇ ਪਾਸੇ ਚਰਨਜੀਤ ਬਰਾੜ ਨੇ ਵੀ ਬੰਟੀ ਰੋਮਾਨਾ ’ਤੇ ਹਮਲੇ ਬੋਲਦਿਆਂ ਕਿਹਾ ਕਿ ਬੰਟੀ ਮੇਰੇ ਉਪਰ ਸਵਾਲ ਚੁਕਦਾ ਹੈ ਪਰ ਫ਼ਰੀਦਕੋਟ ਵਿਚ ਲੋਕ ਸਭਾ ਦੀ ਚੋਣ ਹਾਰਨ ਸਮੇਂ ਬੰਟੀ ਰੋਮਾਨਾ ਦੇ ਪਿਤਾ ਨੇ ਫ਼ਾਇਰ ਕਰ ਕੇ ਖ਼ੁਸ਼ੀ ਮਨਾਈ ਸੀ, ਬਰਾੜ ਨੇ ਬੰਟੀ ਉਪਰ ਰੇਲ, ਬਜਰੀ ਅਤੇ ਹੋਰ ਅਜਿਹੇ ਨਾਜਾਇਜ਼ ਕਾਰੋਬਾਰ ਕਰਨ ਦੇ ਵੀ ਦੋਸ਼ ਲਾਏ ਹਨ ਅਤੇ ਉਸ ਨੂੰ ਕਿਹਾ ਕਿ ਮੇਰੀ ਕਿਰਦਾਰ ਕੁਸ਼ੀ ਕਰਨ ਤੋਂ ਬਾਜ਼ ਆਵੇ ਨਹੀਂ ਤਾਂ ਮੈਂ ਹੋਰ ਵੀ ਬਹੁਤ ਭੇਤ ਖੋਲ੍ਹਣ ਲਈ ਮਜਬੂਰ ਹੋਵਾਂਗਾ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।