ਫਿਰੋਜ਼ਪੁਰ 'ਚ ਬੀਜੇਪੀ ਤੇ ਕਾਂਗਰਸ ਦਾ ਖੂਨੀ ਟਕਰਾਅ
ਏਬੀਪੀ ਸਾਂਝਾ | 22 Jul 2016 08:34 AM (IST)
ਫ਼ਿਰੋਜਪੁਰ: ਇੱਥੇ ਜਿੰਮ ਵਿਵਾਦ ਕਾਰਨ ਸ਼ੁੱਕਰਵਾਰ ਨੂੰ ਕਾਂਗਰਸ ਤੇ ਬੀਜੇਪੀ ਦੇ ਸਮਰਥਕਾਂ ਵਿਚਾਲੇ ਜੰਮ ਕੇ ਲੜਾਈ ਹੋਈ। ਇਸ ਦੌਰਾਨ ਹੋਈ ਫਾਇਰਿੰਗ ਵਿੱਚ 10 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਲੜਾਈ ਦੌਰਾਨ ਦੋਵਾਂ ਪਾਸਿਆਂ ਤੋਂ ਪੱਥਰ, ਡੰਡਿਆਂ ਦਾ ਇਸਤੇਮਾਲ ਹੋਇਆ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸਥਾਨਕ ਨਗਰ ਕੌਂਸਲ ਦੀ ਥਾਂ ਵਿੱਚ ਜਿੰਮ ਬਣਾਇਆ ਜਾ ਰਿਹਾ ਸੀ। ਇਸ ਜਿੰਮ ਉੱਤੇ ਬੀਜੇਪੀ ਸਮਰਥਕ ਕੌਂਸਲਰਾਂ ਨੂੰ ਇਤਰਾਜ਼ ਸੀ। ਨਗਰ ਕੌਂਸਲ ਵੱਲੋਂ ਇਸ ਦੀ ਆਗਿਆ ਵੀ ਕਾਂਗਰਸੀ ਵਿਧਾਇਕ ਨੂੰ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਅੱਜ ਜਦੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਪਣੇ ਸਮਰਥਕਾਂ ਨਾਲ ਨਗਰ ਕੌਂਸਲ ਦਾ ਘਿਰਾਓ ਕਰਨ ਲਈ ਗਏ ਤਾਂ ਦਫ਼ਤਰ ਦੇ ਅੰਦਰੋਂ ਬੀਜੇਪੀ ਦੇ ਕੌਂਸਲਰਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਾਂਗਰਸ ਤੇ ਬੀਜੇਪੀ ਸਮਰਥਕਾਂ ਵਿੱਚ ਜੰਮ ਕੇ ਲੜਾਈ ਹੋਈ। ਇਸ ਦੌਰਾਨ ਫਾਇਰਿੰਗ ਵੀ ਹੋਈ ਜਿਸ ਵਿੱਚ 10 ਲੋਕ ਜ਼ਖਮੀ ਹੋ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀਆਂ ਕਿਸ ਧੜੇ ਵੱਲੋਂ ਚਲਾਈਆਂ ਗਈਆਂ ਸਨ। ਪੁਲਿਸ ਵੱਲੋਂ ਸਥਿਤੀ ਉੱਤੇ ਕਾਬੂ ਪਾ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।