ਲੁਧਿਆਣਾ: ਨਗਰ ਨਿਗਮ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਜਿੱਥੇ ਲੋਕ ਆਪਣਾ ਜਮਹੂਰੀ ਹੱਕ ਵਰਤਣ ਲਈ ਅੱਗੇ ਆ ਰਹੇ ਹਨ, ਉੱਥੇ ਉਮੀਦਵਾਰਾਂ ਦੀ ਤਕਰਾਰਬਾਜ਼ੀ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਵਾਰਡ ਨੰਬਰ 39 ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ। ਬੈਂਸ ਧੜ੍ਹੇ ਦੇ ਉਮੀਦਵਾਰ ਨੇ ਇਲਜ਼ਾਮ ਲਾਇਆ ਕਿ ਵਾਰਡ ਨੰਬਰ 39 ਦੇ ਪੋਲਿੰਗ ਬੂਥ ਅੰਦਰ ਜਦੋਂ ਉਨ੍ਹਾਂ ਦੇ ਸਮਰਥਕ ਵੀਡੀਓ ਬਣਾ ਰਹੇ ਸਨ ਤਾਂ ਕਾਂਗਰਸੀ ਉਮੀਦਵਾਰ ਉਲਝ ਗਏ। ਉਨ੍ਹਾਂ ਧੱਕਾਮੁੱਕੀ ਕੀਤੀ ਤੇ ਇਸ ਵਿੱਚ ਇੱਕ ਸਮਰਥਕ ਦੀ ਦਸਤਾਰ ਵੀ ਉੱਤਰ ਗਈ।
ਇਸ 'ਤੇ ਸਿਮਰਜੀਤ ਸਿੰਘ ਬੈਂਸ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨਾਲ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਨਾ ਸਹਿਣ ਦੀ ਗੱਲ ਕਹੀ। ਹਾਲਾਂਕਿ, ਪੁਲਿਸ ਨੇ ਵਿੱਚ ਪੈ ਕੇ ਘਟਨਾ ਨੂੰ ਮੌਕੇ 'ਤੇ ਸ਼ਾਂਤ ਕਰ ਦਿੱਤਾ ਤਾਂ ਮਾਮਲਾ ਵਧਣ ਤੋਂ ਰੁਕ ਗਿਆ।