ਲੜਕੀ ਦੀ ਮੌਤ 'ਤੇ ਡਾਕਟਰ ਦੀ ਕੁੱਟਮਾਰ
ਏਬੀਪੀ ਸਾਂਝਾ | 24 Feb 2018 09:07 AM (IST)
ਲੁਧਿਆਣਾ- ਸੀ.ਐਮ.ਸੀ. ਹਸਪਤਾਲ ਵਿੱਚ ਇਲਾਜ ਕਰਵਾ ਰਹੀ 17 ਸਾਲਾ ਲੜਕੀ ਦੀ ਮੌਤ ਹੋ ਜਾਣ ਉੱਤੇ ਗ਼ੁੱਸੇ ਵਿੱਚ ਆਏ ਪਰਿਵਾਰ ਵੱਲੋਂ ਡਾਕਟਰ ਦੀ ਕੁੱਟਮਾਰ ਕਰ ਦਿੱਤੀ। ਪਰਿਵਾਰ ਦਾ ਇਲਜ਼ਾਮ ਹੈ ਕਿ ਸਬੰਧਿਤ ਡਾਕਟਰ ਨੇ ਇਲਾਜ ਵਿੱਚ ਕੁਤਾਹੀ ਵਰਤੀ ਹੈ ਜਿਸ ਕਾਰਨ ਲੜਕੀ ਦੀ ਮੌਤ ਹੋਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਦੇ ਵਿਰੋਧ ਵਿੱਚ ਹਸਪਤਾਲ ਦੇ ਸਾਰੇ ਡਾਕਟਰ ਤੇ ਵਿਦਿਆਰਥੀ ਸੜਕ ਉੱਤੇ ਆ ਗਏ ਤੇ ਸੀਐਮਸੀ ਮੇਨ ਗੇਟ ਉੱਤੇ ਰੋਡ ਜਾਮ ਕਰ ਦਿੱਤਾ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮੁਲਜ਼ਮਾਂ ਉੱਤੇ ਕਾਰਵਾਈ ਦਾ ਭਰੋਸਾ ਦੇ ਕੇ ਡਾਕਟਰਾਂ ਨੂੰ ਸ਼ਾਂਤ ਕਰ ਦਿੱਤਾ। ਐਸਐਚਓ ਸੁਰਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।