ਕਾਂਗਰਸ ਦੇ ਬਾਜਵਿਆਂ ਦੀ ਖੜਕੀ, ਤ੍ਰਿਪਤ ਨੇ ਖੋਲ੍ਹਿਆ ਪ੍ਰਤਾਪ ਖਿਲਾਫ ਮੋਰਚਾ
ਏਬੀਪੀ ਸਾਂਝਾ | 27 Jun 2018 01:25 PM (IST)
ਚੰਡੀਗੜ੍ਹ: ਕਾਂਗਰਸ ਦੇ ਦੋ ਬਾਜਵਿਆਂ ਦੀ ਖੜਕ ਗਈ ਹੈ। ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਦਾ ਦੌਰ ਖਤਮ ਹੋ ਗਿਆ ਹੈ। ਉਸ ਨੂੰ ਹੁਣ ਕੋਈ ਨਹੀਂ ਪੁੱਛਦਾ। ਤ੍ਰਿਪਤ ਰਾਜਿੰਦਰ ਨੇ ਕਿਹਾ, "ਪ੍ਰਤਾਪ ਬਾਜਵਾ ਕੈਪਟਨ ਨੂੰ ਕਹਿੰਦੇ ਹਨ ਕਿ ਇੰਜਨ ਠੀਕ ਕੰਮ ਨਹੀਂ ਕਰ ਰਿਹਾ ਪਰ ਮੈਂ ਕਹਿਣਾ ਹਾਂ ਕਿ ਪ੍ਰਤਾਪ ਬਾਜਵਾ ਦੇ ਇੰਜਨ ਦਾ ਤਾਂ ਧੂਆਂ ਹੀ ਨਿਕਲ ਚੁੱਕਿਆ ਹੈ। ਬਾਜਵਾ ਨੂੰ ਰਾਹੁਲ ਨੇ ਜਦੋਂ ਇੰਜਨ ਬਣਾਇਆ ਸੀ, ਉਦੋਂ ਗੱਡੀ ਵਿੱਚੋਂ ਸਾਰੇ ਲੀਡਰ ਛਾਲਾਂ ਮਾਰ ਕੇ ਚਲੇ ਗਏ ਸੀ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਡਿਪਰੈਸ਼ਨ ਵਿੱਚ ਚਲਾ ਗਿਆ ਹੈ। ਉਸ ਦਾ ਜੋ ਬਣਨਾ ਸੀ, ਬਣ ਗਿਆ, ਹੋਰ ਕੁਝ ਨਹੀਂ ਬਣਨਾ। ਉਸ ਦੇ ਬੋਲਣ ਨਾਲ ਕਾਂਗਰਸ ਤੇ ਕੈਪਟਨ ਨੂੰ ਕੋਈ ਫਰਕ ਨਹੀਂ ਪੈਣਾ। ਤ੍ਰਿਪਤ ਰਾਜਿੰਦਰ ਨੇ ਕਿਹਾ, "ਉਸ ਨੂੰ ਮੈਂ ਕਹਿਣਾ ਕਿ ਜੇ ਇੱਜ਼ਤ ਬਚਾਉਣੀ ਹੈ ਤਾਂ ਆਪਣੀ ਘਰ ਵਾਲੀ ਨੂੰ ਚੋਣ ਨਾ ਲੜਾਵੇ।" ਤ੍ਰਿਪਤ ਰਾਜਿੰਦਰ ਨੇ ਕਿਹਾ ਕਿ ਪ੍ਰਤਾਪ ਬਾਜਵਾ ਖ਼ਤਮ ਹੋ ਚੁੱਕਿਆ ਹੈ। ਹੁਣ ਬੱਸ ਉਨ੍ਹਾਂ ਖਿਲਾਫ ਬਿਆਨਬਾਜ਼ੀ ਕਰ ਸਕਦਾ ਹੈ। ਉਸ ਦੀ ਕੋਈ ਪੁੱਛਗਿੱਛ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਕੋਈ ਵਿਧਾਇਕ ਸੜਦੇ ਖਰਬੂਜ਼ੇ ਪਿੱਛੇ ਨਹੀਂ ਲੱਗਦਾ। ਸਾਰੇ ਵਿਧਾਇਕ ਸਾਡੇ ਨਾਲ ਹਨ। ਦੱਸਣਯੋਗ ਹੈ ਪ੍ਰਤਾਪ ਬਾਜਵਾ ਨੇ ਕੈਨੇਡਾ ਵਿੱਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਿਆਨ ਦਿੱਤਾ ਹੈ।