ਅੰਮ੍ਰਿਤਸਰ: ਲੜਕੀ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਮੁਲਜ਼ਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਫਿਰੌਤੀ ਲਈ ਕੁੜੀ ਨੂੰ ਅਗਵਾ ਨਹੀਂ ਕੀਤਾ ਸੀ ਸਗੋਂ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਕੁੜੀ ਨੇ ਜਦੋਂ ਇਨਕਾਰ ਕੀਤਾ ਤਾਂ ਉਸ ਦਾ ਕਤਲ ਕਰ ਦਿੱਤਾ।


ਦਰਅਸਲ ਪਿਛਲੇ ਦਿਨੀਂ 19 ਸਾਲਾ ਅਨਮੋਲ ਨਾਂ ਦੀ ਕੁੜੀ ਦਾ ਕਤਲ ਹੋ ਗਿਆ ਸੀ। ਮੀਡੀਆ ਵਿੱਚ ਚਰਚਾ ਸੀ ਕਿ ਇਹ ਕਤਲ ਫਿਰੌਤੀ ਲਈ ਕੀਤਾ ਗਿਆ ਹੈ। ਹੁਣ ਇਸ ਮਾਮਲੇ ਵਿੱਚ ਗ੍ਰਿਫਤਾਰ ਲਵਦੀਪ ਸਿੰਘ ਕੋਲੋਂ ਕੀਤੀ ਪੁੱਛਗਿਛ ਮਗਰੋਂ ਨਵਾਂ ਖੁਲਾਸਾ ਹੋਇਆ ਹੈ।

ਪੁਲਿਸ ਮੁਤਾਬਕ ਲੜਕੀ ਵੱਲੋਂ ਇਨਕਾਰ ਤੋਂ ਬਾਅਦ ਨੌਜਵਾਨ ਗੁੱਸੇ ਵਿੱਚ ਸੀ। ਉਸ ਨੇ ਹਫਤਾ ਪਹਿਲਾਂ ਕੁੜੀ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਲਵਦੀਪ ਦੇ ਪਿਤਾ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਰਿਵਾਲਵਰ ਕਤਲ ਲਈ ਵਰਤੀ ਗਈ। ਸਰਤਾਜ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੀ ਕਾਰ ਵਾਰਦਾਤ ਲਈ ਵਰਤੀ ਗਈ।

ਲਵਦੀਪ ਤੇ ਅਨਮੋਲ ਅਜਨਾਲਾ ਦੇ ਰਹਿਣ ਵਾਲੇ ਹਨ ਤੇ ਪੁਰਾਣੇ ਮਿੱਤਰ ਸਨ। ਕਤਲ ਦੀ ਯੋਜਨਾ ਬਣਾਉਣ ਮਗਰੋਂ ਉਸ ਨੇ ਆਪਣੇ ਇੱਕ ਮਿੱਤਰ ਦੇ ਫੋਨ ਰਾਹੀਂ ਅਨਮੋਲ ਨੂੰ ਮਿਲਣ ਲਈ ਸੱਦਿਆ। ਅਨਮੋਲ ਮਾਲ ਰੋਡ ਵਿੱਚ ਬਿਊਟੀ ਸਲੂਨ ਅਕਾਦਮੀ ਵਿੱਚ ਪੜ੍ਹਾਈ ਲਈ ਆਉਂਦੀ ਸੀ। ਉਸ ਦਿਨ ਉਹ ਰਣਜੀਤ ਐਵੇਨਿਊ ਉੱਤਰ ਗਈ, ਜਿੱਥੇ ਲਵਦੀਪ ਉਸ ਦੀ ਉਡੀਕ ਕਰ ਰਿਹਾ ਸੀ।

ਉਹ ਉਸ ਨੂੰ ਕਾਰ ਵਿਚ ਬਿਠਾ ਕੇ ਲੋਹਾਰਕਾ ਰੋਡ ਲੈ ਗਿਆ ਜਿੱਥੇ ਉਸ ਦਾ ਕਤਲ ਕਰਨ ਮਗਰੋਂ ਲਾਸ਼ ਉਸਾਰੀ ਅਧੀਨ ਇਮਾਰਤ ਵਿੱਚ ਸੁੱਟ ਦਿੱਤੀ। ਪੁਲਿਸ ਤੇ ਪਰਿਵਾਰ ਨੂੰ ਭੁਲੇਖਾ ਪਾਉਣ ਵਾਸਤੇ ਉਸ ਨੇ ਕੁੜੀ ਦੇ ਮੋਬਾਈਲ ਫੋਨ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਕੁੜੀ ਨੂੰ ਕਤਲ ਕਰਨ ਦੀ ਧਮਕੀ ਦਿੱਤੀ।

ਇਸ ਮਗਰੋਂ ਉਸ ਨੇ ਫੋਨ ਰਸਤੇ ਵਿੱਚ ਹੀ ਸੁੱਟ ਦਿੱਤਾ ਜੋ ਸਬਜ਼ੀ ਵੇਚਣ ਵਾਲੇ ਨੂੰ ਮਿਲਿਆ ਤੇ ਉਸ ਨੇ ਪਰਿਵਾਰ ਨੂੰ ਮੋਬਾਈਲ ਫੋਨ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਮੋਬਾਈਲ ਫੋਨ ਦੀਆਂ ਕਾਲਾਂ ਤੋਂ ਹੀ ਲਵਦੀਪ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ।