ਜਲੰਧਰ: ਖਾਲਿਸਤਾਨ ਸਮਰਥਕ ਸੰਸਥਾ ਸਿੱਖ ਫਾਰ ਜਸਟਿਸ ਨੇ ਪਹਿਲਾਂ ਕਰਤਾਰਪੁਰ ਕਾਰੀਡਰ ਜ਼ਰੀਏ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਰਾਦਿਆਂ 'ਤੇ ਪਾਣੀ ਫਿਰਦਾ ਵੇਖ ਹੁਣ ਇਸ ਸੰਸਥਾ ਨੇ ਮੁਸਲਮਾਨਾਂ ਨੂੰ ਭੜਕਾਉਣ ਦੀ ਸਾਜਿਸ਼ ਘੜੀ ਹੈ। ਐਸਐਫਜੇ ਦੇ ਕਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਟਵੀਟਰ 'ਤੇ ਪੋਸਟ ਕਰ ਕਿਹਾ ਕਿ ਭਾਰਤ 'ਚ ਮੁਸਲਮਾਨਾਂ ਲਈ ਇੱਕ ਨਵਾਂ ਮੁਲਕ ੳਰਦੀਸਤਾਨ ਹੋਣਾ ਚਾਹੀਦਾ ਹੈ।


ਪੰਨੂ ਨੇ ਕਿਹਾ ਕਿ ਇਸ 'ਚ ਰਾਜਸਥਾਨ, ਦਿੱਲੀ, ਯੂਪੀ, ਬਿਹਾਰ ਤੇ ਪੱਛਮੀ ਬੰਗਾਲ ਸ਼ਾਮਿਲ ਹੋਣੇ ਚਾਹੀਦੇ ਹਨ। ਪੰਨੂ ਦੀ ਪੋਸਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਤਰਕ ਹੋ ਗਈਆਂ ਹਨ। ਪੰਨੂ ਨੇ ਕਿਹਾ ਕਿ ਸਿੱਖਾਂ ਦੇ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਰੈਫਰੇਂਡਮ ਕਰਵਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਨੂੰ ਵੀ ਵੱਖਰੇ ਦੇਸ਼ ਦੀ ਮੰਗ ਕਰਦੇ ਹੋਏ ਰੈਫਰੇਂਡਮ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

ਭਾਰਤ 'ਚ ਬੈਨ ਐਸਐਫਜੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਖ ਫਾਰ ਜਸਟਿਸ ਸੰਗਠਨ ਤੇ ਉਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਦੇ ਵਿਚਾਰਾਂ ਨੂੰ ਸਮੂਚੇ ਸਿੱਖ ਭਾਈਚਾਰੇ ਨੇ ਨਕਾਰ ਦਿੱਤਾ ਹੈ। ਪੰਨੂ ਦੀਆਂ ਗੱਲਾਂ ਤੋਂ ਕੋਈ ਵੀ ਸਹਿਮਤ ਨਹੀਂ ਹੈ।