ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਦੇ ਦਰਸ਼ਾਲ ਖੇਤਰ ਵਿੱਚ ਬੁੱਧਵਾਰ ਰਾਤ ਸਵਾ 10 ਵਜੇ ਇੱਕ ਵਾਰ ਫਿਰ ਬੱਦਲ ਫਟ ਗਿਆ। ਇਸ ਕਾਰਨ ਤਕਲੇਚ ਬਾਜ਼ਾਰ ਵਿੱਚ ਅਫੜਾ-ਤਫੜੀ ਮੱਚ ਗਈ। ਬੱਦਲ ਫਟਣ ਤੋਂ ਬਾਅਦ ਨੋਗਲੀ ਨਾਲੇ ਵਿੱਚ ਹੜ੍ਹ ਆ ਗਿਆ। ਇਸ ਤੋਂ ਬਾਅਦ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ।

ਪਹਾੜਾਂ ’ਤੇ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ ਬਿਲਾਸਪੁਰ ਵਿੱਚ ਸਤਲੁਜ ਦਰਿਆ ’ਤੇ ਬਣੇ ਕੋਲ-ਡੈਮ ਤੋਂ 24 ਘੰਟਿਆਂ ਦੇ ਅੰਦਰ ਤੀਜੀ ਵਾਰ ਪਾਣੀ ਛੱਡਿਆ ਜਾ ਰਿਹਾ ਹੈ। ਕੋਲ-ਡੈਮ ਪ੍ਰਬੰਧਨ ਨੇ ਅੱਜ (ਵੀਰਵਾਰ) ਸਵੇਰੇ 7:30 ਵਜੇ ਪਾਣੀ ਛੱਡ ਦਿੱਤਾ ਗਿਆ ਹੈ। ਜਿਸ ਕਰਕੇ ਸਤਲੁਜ ਦਾ ਪਾਣੀ ਦਾ ਪੱਧਰ 4 ਤੋਂ 5 ਮੀਟਰ ਵਧੇਗਾ। ਇਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਬੀਤੇ ਕੱਲ੍ਹ ਵੀ ਸਵੇਰੇ ਅਤੇ ਸ਼ਾਮ ਨੂੰ 2 ਵਾਰ ਪਾਣੀ ਛੱਡਿਆ ਗਿਆ ਸੀ।

ਚੰਡੀਗੜ੍ਹ-ਮਨਾਲੀ ਫੋਰਲੇਨ ਬੰਦ

ਚੰਡੀਗੜ੍ਹ-ਮਨਾਲੀ ਫੋਰਲੇਨ ਮੰਗਲਵਾਰ ਰਾਤ ਤੋਂ ਹੀ ਦਵਾੜਾ ਦੇ ਨੇੜੇ ਬੰਦ ਹੈ। ਸੜਕ 'ਤੇ ਵਾਰ-ਵਾਰ ਪਹਾੜੀ ਤੋਂ ਵੱਡੀਆਂ-ਵੱਡੀਆਂ ਚੱਟਾਨਾਂ ਡਿੱਗ ਰਹੀਆਂ ਹਨ। ਇਸ ਕਾਰਨ ਸੜਕ ਦੀ ਬਹਾਲੀ ਦੇ ਕੰਮ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ।

ਅੱਜ 2 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ

ਮੌਸਮ ਵਿਭਾਗ ਦੇ ਅਨੁਸਾਰ, ਮਾਨਸੂਨ ਅੱਜ ਤੋਂ ਥੋੜ੍ਹਾ ਕਮਜ਼ੋਰ ਹੋਵੇਗਾ। ਪਰ ਅਗਲੇ 5 ਦਿਨਾਂ ਤੱਕ ਹਲਕੀ ਬਾਰਿਸ਼ ਜਾਰੀ ਰਹੇਗੀ। ਅੱਜ ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਅਗਲੇ ਕੱਲ੍ਹ ਯਾਨੀ ਸ਼ੁੱਕਰਵਾਰ ਲਈ ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ, ਅਤੇ ਪਰਸੋਂ ਯਾਨੀ 9 ਅਗਸਤ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।