ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੇ ਟਾਕਰੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਗੂਗਲ ਤੇ ਫੇਸਬੁੱਕ ਨੂੰ ਮਦਦ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਤਕਨਾਲੋਜੀ ਪੱਧਰ 'ਤੇ ਸਹਾਇਤਾ ਲਈ ਬੀਤੀ 9 ਅਗਸਤ ਨੂੰ ਪੱਤਰ ਲਿਖ ਦੋਵਾਂ ਦਿੱਗਜਾਂ ਤੋਂ ਮਦਦ ਮੰਗੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿੱਚੋਂ ਨਸ਼ੇ ਦੇ ਖ਼ਾਤਮੇ ਲਈ ਲੋੜੀਂਦੀ ਤਕੀਨੀਕੀ ਸਹਾਇਤਾ ਦੇਣ ਲਈ ਗੂਗਲ ਦੇ ਸੀਈਓ ਸੁੰਦਰ ਪਿਚਾਈ ਤੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਪੱਤਰ ਲਿਖ ਮਦਦ ਦੀ ਅਪੀਲ ਕੀਤੀ ਹੈ। ਕੈਪਟਨ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਲਿਖਿਆ ਹੈ, "ਜਿਵੇਂ ਕਿ ਇੰਟਰਨੈੱਟ ਨੂੰ ਬਹੁਤ ਨੌਜਵਾਨ ਵਰਤਦੇ ਹਨ ਤੇ ਇੱਥੇ (ਨਸ਼ੇ) ਦਾ ਐਡਿਕਟ ਹੋਣ ਲਈ ਕਈ ਤਰ੍ਹਾਂ ਦੇ ਨਵੇਂ ਢੰਗ ਤਰੀਕੇ ਤੇ 'ਮਾਲ' ਦੀ ਸਪਲਾਈ ਬਾਰੇ ਜਾਣਕਾਰੀ ਵੱਡੀ ਮਾਤਰਾ ਵਿੱਚ ਉਪਲਬਧ ਹੈ। ਇਸ ਲਈ ਤੁਹਾਡੇ ਵੱਲੋਂ ਬਣਾਈ ਗਈਆਂ ਸੇਵਾਵਾਂ ਤੇ ਪ੍ਰੋਡਕਟਸ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਤੁਸੀਂ ਸਾਡੀ ਸਹਾਇਤਾ ਕਰੋਗੇ।" ਉਨ੍ਹਾਂ ਜ਼ੁਕਰਬਰਗ ਤੋਂ ਇਸ ਸਮੱਸਿਆ ਦੇ ਹੱਲ ਲਈ ਸੁਝਾਅ ਵੀ ਮੰਗੇ। ਇਸ ਤਰ੍ਹਾਂ ਹੀ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕਰ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਲਿਖਿਆ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉਨ੍ਹਾਂ ਦੀ ਸਹਾਇਤਾ ਮੰਗੀ ਹੈ। ਉਨ੍ਹਾਂ ਦੋਵਾਂ ਕੰਪਨੀਆਂ ਦੇ ਮੁਖੀਆਂ ਨੂੰ ਲਿਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਨਸ਼ਿਆਂ ਦੇ ਮਾਮਲੇ 'ਤੇ ਨਵੇਂ ਐਲਾਨ ਤੇ ਕਾਰਵਾਈਆਂ ਕਰ ਵਾਲੇ ਹਨ, ਇਸ ਲਈ ਉਨ੍ਹਾਂ ਦੇ ਸਾਥ ਦੀ ਬੇਹੱਦ ਜ਼ਰੂਰਤ ਹੈ।