Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Maan ) ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  (Charanjit Singh Channi)ਨੂੰ ਚਿਤਾਵਨੀ ਦਿੱਤੀ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਆਪਣੇ ਭਤੀਜੇ ਵੱਲੋਂ ਖਿਡਾਰੀ ਤੋਂ ਪੈਸੇ ਮੰਗਣ ਬਾਰੇ ਜਾਣਕਾਰੀ ਜਨਤਕ ਕਰਨ ਲਈ ਕਿਹਾ ਹੈ। ਨਹੀਂ ਤਾਂ ਉਹ ਖ਼ੁਦ ਪੰਜਾਬ ਸਾਹਮਣੇ ਪੂਰੀ ਜਾਣਕਾਰੀ ਸਾਂਝੀ ਕਰਨਗੇ।

  


 


 ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ 'ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ... 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ… ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁੱਝ ਪੰਜਾਬੀਆਂ ਸਾਹਮਣੇ ਰੱਖਾਂਗਾ…

 



ਦੱਸ ਦੇਈਏ ਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਨੇ ਦਿੜ੍ਹਬਾ ਵਿਖੇ ਸੰਬੋਧਨ ਦੌਰਾਨ ਸਾਬਕਾ ਸੀਐਮ ਚਰਨਜੀਤ ਚੰਨੀ ਉਪਰ ਗੰਭੀਰ ਦੋਸ਼ ਲਗਾਏ ਸਨ। ਮਾਨ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਚੰਨੀ ਦੇ ਭਾਣਜੇ ਨੇ ਕ੍ਰਿਕਟਰ ਨੂੰ ਨੌਕਰੀ ਦੇਣ ਲਈ 2 ਕਰੋੜ ਰੁਪਏ ਮੰਗੇ ਸਨ। ਮਾਨ ਨੇ ਕਿਹਾ ਸੀ ਕਿ ਇਹ ਖੁਦ ਨੂੰ ਗ਼ਰੀਬ ਦੱਸਦੇ ਹਨ ਪਰ ਖਿਡਾਰੀਆਂ ਕੋਲੋਂ ਕਰੋੜਾਂ ਰੁਪਏ ਮੰਗਦੇ ਰਹੇ। ਮੁੱਖ ਮੰਤਰੀ ਦਾ ਦੋਸ਼ ਸੀ ਕਿ ਚਰਨਜੀਤ ਚੰਨੀ ਦੇ ਭਾਣਜੇ ਨੇ ਨੌਕਰੀ ਲਈ ਇਕ ਰਾਸ਼ਟਰੀ ਪੱਧਰ ਦੇ ਖਿਡਾਰੀ ਤੋਂ 2 ਕਰੋੜ ਰੁਪਏ ਮੰਗੇ ਸਨ।



ਸੀਐਮ ਮਾਨ ਨੇ ਕਿਹਾ ਸੀ ਕਿ ਪਿਛਲੇ ਹਫ਼ਤੇ ਉਹ ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਦੇ ਸੱਦੇ 'ਤੇ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ 'ਚ ਕ੍ਰਿਕਟ ਮੈਚ ਦੇਖਣ ਗਏ ਸਨ। ਉੱਥੇ ਉਹਨਾਂ ਦੀ ਮੁਲਾਕਾਤ ਇੱਕ ਖਿਡਾਰੀ ਨਾਲ ਹੋਈ ,ਜਿਸ ਨੇ ਦੱਸਿਆ ਕਿ ਉਹ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੇਲੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਗਿਆ ਸੀ।

ਕੈਪਟਨ ਨੇ ਉਸ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਅਤੇ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਬਾਅਦ ਜਦੋਂ ਖਿਡਾਰੀ ਚੰਨੀ ਨੂੰ ਮਿਲਿਆ ਤਾਂ ਚੰਨੀ ਨੇ ਉਸ ਨੂੰ ਆਪਣੇ ਭਤੀਜੇ ਨੂੰ ਮਿਲਣ ਲਈ ਕਿਹਾ। ਮਾਨ ਅਨੁਸਾਰ ਜਦੋਂ ਖਿਡਾਰੀ ਚੰਨੀ ਦੇ ਭਤੀਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਦੋ ਲੱਗਣਗੇ। ਜਦੋਂ ਖਿਡਾਰੀ ਆਪਣੇ ਪਿਤਾ ਸਮੇਤ ਚੰਨੀ ਦੇ ਭਾਣਜੇ ਕੋਲ 2 ਲੱਖ ਰੁਪਏ ਲੈ ਕੇ ਪੁੱਜਾ ਤਾਂ ਉਸ ਨੇ ਗਲਤ ਵਰਤਾਓ ਕਰਦੇ ਹੋਏ ਕਿਹਾ ਕਿ 2 ਦਾ ਮਤਲਬ 2 ਕਰੋੜ ਹੈ, 2 ਲੱਖ ਨਹੀਂ ਅਤੇ ਨਾਲ ਹੀ ਕਹਿ ਦਿੱਤਾ ਕਿ ਉਸ ਦਾ ਕੰਮ ਨਹੀਂ ਹੋਵੇਗਾ।

 

ਇਨ੍ਹਾਂ ਦੋਸ਼ਾਂ ਮਗਰੋਂ ਚੰਨੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਪੁੱਜੇ ਸਨ। ਉੱਥੇ ਅਰਦਾਸ ਕਰਦੇ ਹੋਏ ਉਨ੍ਹਾਂ ਕਿਹਾ ਸੀ- ਅੱਜ ਮਾਨ ਨੇ ਮੇਰੇ 'ਤੇ ਗੰਭੀਰ ਦੋਸ਼ ਲਗਾਏ ਹਨ, ਇਸ ਲਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾ ਕੇ ਆਪਣੇ ਮਨ ਦੀ ਗੱਲ ਕਰਾਂ। ਇਸੇ ਲਈ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਆ ਕੇ ਅਰਦਾਸ ਕਰ ਰਿਹਾ ਹਾਂ।  ਜੇ ਮੈਂ ਕਿਸੇ ਤੋਂ ਇੱਕ ਪੈਸਾ ਵੀ ਲਿਆ ਹੋਵੇ, ਤਾਂ ਮੇਰਾ ਕੁੱਝ ਨਾ ਰਹੇ। ਸੂਬੇ ਦੇ ਮੁੱਖ ਮੰਤਰੀ ਨੇ ਮੇਰੇ ਪਿੱਛੇ ਵਿਜੀਲੈਂਸ ਲਗਾ ਦਿੱਤੀ ਹੈ। ਉਹ ਮੈਨੂੰ ਕਿਸੇ ਵੀ ਤਰੀਕੇ ਨਾਲ ਜੇਲ੍ਹ ਵਿਚ ਬੰਦ ਕਰਨਾ ਚਾਹੁੰਦੇ ਹਨ।