Punjab News: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਤਿੱਖੇ ਹਮਲੇ ਮਗਰੋਂ ਭਗਵੰਤ ਮਾਨ ਸਰਕਾਰ ਵਿੱਚ ਹਲਚਲ ਮੱਚ ਗਈ ਹੈ। ਪੁਰੋਹਿਤ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਗਲੀ-ਗਲੀ ਨਸ਼ਾ ਵਿਕ ਰਿਹਾ ਹੈ। ਇਸ ਨੇ ਨਾਲ ਹੀ ਉਨ੍ਹਾਂ ਸੂਬੇ ਦੀ ਅਮਨ-ਕਾਨੂੰਨ ਦੀ ਹਾਲਤ ਬਾਰੇ ਵੀ ਚਿੰਤਾ ਜਾਹਿਰ ਕੀਤੀ ਸੀ। ਬੇਸ਼ੱਕ ਇਸ ਮਗਰੋਂ ਭਗਵੰਤ ਮਾਨ ਸਰਕਾਰ ਤੇ ਰਾਜਪਾਲ ਆਹਮੋ-ਸਾਹਮਣੇ ਹੋ ਗਏ ਸੀ ਪਰ ਹੁਣ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। 


ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਬੈਠਕ 'ਚ 23 ਨੁਕਤਿਆਂ 'ਤੇ ਚਰਚਾ ਹੋਣ ਜਾ ਰਹੀ ਹੈ। ਬੇਸ਼ੱਕ ਸਰਕਾਰੀ ਸੂਤਰ ਇਸ ਨੂੰ ਰੁਟੀਨ ਮੀਟਿੰਗ ਦੱਸ ਰਹੇ ਹਨ ਪਰ ਇਹ ਮੀਟਿੰਗ ਰਾਜਪਾਲ ਪੁਰੋਹਿਤ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਤੇ ਨਸ਼ਿਆਂ ਖਿਲਾਫ ਉਨ੍ਹਾਂ ਦੇ ਬਿਆਨ ਤੋਂ ਬਾਅਦ ਹੀ ਕੀਤੀ ਜਾ ਰਹੀ ਹੈ।


ਮੀਟਿੰਗ ਦੁਪਹਿਰ 1 ਵਜੇ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਲ 'ਤੇ ਸ਼ੁਰੂ ਹੋਈ ਹੈ। ਇਸ ਵਿੱਚ ਕਮਿਸ਼ਨਰ ਤੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਆਈਜੀ ਤੇ ਡੀਆਈਜੀ ਬਾਰਡਰ ਰੇਂਜ ਜਲੰਧਰ, ਲੁਧਿਆਣਾ, ਪਟਿਆਲਾ, ਰੂਪਨਗਰ, ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਰੇਂਜ ਦੇ ਅਧਿਕਾਰੀਆਂ ਵੀ ਮੌਜੂਦ ਹਨ। ਇਸ ਬੈਠਕ 'ਚ 23 ਨੁਕਤਿਆਂ 'ਤੇ ਚਰਚਾ ਹੋਣ ਜਾ ਰਹੀ ਹੈ ਜਿਸ ਲਈ ਇਨ੍ਹਾਂ ਅਧਿਕਾਰੀਆਂ ਤੋਂ ਵੀ ਜਾਣਕਾਰੀ ਮੰਗੀ ਗਈ ਹੈ।


ਇਹ ਵੀ ਪੜ੍ਹੋ: ਸਾਵਧਾਨ! ਜੇਕਰ ਕੈਂਸਰ ਦੀ ਸ਼ੁਰੂਆਤ ਦਾ ਪਤਾ ਲਾਉਣਾ ਹੈ, ਤਾਂ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼


ਸਰਹੱਦੀ ਜ਼ਿਲ੍ਹਿਆਂ ਦੇ ਦੌਰੇ 'ਤੇ ਗਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਰਾਜਪਾਲ ਨੇ ਕਿਹਾ ਸੀ ਕਿ ਹੁਣ ਨਸ਼ੇ ਸਕੂਲਾਂ ਤੱਕ ਵੀ ਪਹੁੰਚ ਗਏ ਹਨ। ਹਾਲਾਤ ਇਹ ਹਨ ਕਿ ਪਿੰਡਾਂ ਵਿੱਚ ਨਸ਼ੇ ਜਨਰਲ ਸਟੋਰਾਂ ’ਤੇ ਮਿਲਣ ਵਾਲੇ ਸਮਾਨ ਵਾਂਗ ਮਿਲਦੇ ਹਨ। 


ਰਾਜਪਾਲ ਨੇ ਕਿਹਾ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਦੇਖ ਕੇ ਪ੍ਰੇਸ਼ਾਨ ਹਨ, ਪਰ ਉਹ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾ ਰਹੇ। ਬੱਚੇ ਡਰੱਗ ਮਾਫੀਆ ਦੇ ਚੁੰਗਲ ਵਿੱਚ ਫਸ ਗਏ ਹਨ। ਰਾਜਪਾਲ ਨੇ ਇਸ ਮੌਕੇ ਪੰਜਾਬ ਪੁਲਿਸ 'ਤੇ ਵੀ ਸਖ਼ਤ ਟਿੱਪਣੀ ਕੀਤੀ ਸੀ।