CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਹੁਣ ਸਖਤ ਕਾਰਵਾਈ ਹੋਏਗੀ। ਸੀਐਮ ਮਾਨ ਨੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਗੈਂਗਸਟਰਾਂ ਨੂੰ ਕੋਈ ਸਰਪ੍ਰਸਤੀ ਨਹੀਂ। ਉਨ੍ਹਾਂ ਖਿਲਾਫ ਸਖਤ ਕਰਵਾਈ ਹੋਏਗੀ।


ਸੀਐਮ ਭਗਵੰਤ ਮਾਨ ਐਕਸ ਉਪਰ ਪੋਸਟ ਕਰਦਿਆਂ ਕਿਹਾ...ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਵਿੱਚ ਗੈਂਗਸਟਰਵਾਦ ਲਈ ਕੋਈ ਥਾਂ ਨਹੀਂ। ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਵਿੱਚ ਉਨ੍ਹਾਂ ਨੂੰ “ਸਰਪ੍ਰਸਤੀ” ਨਹੀਂ ਹੈ, ਸਿੱਧੀ ਕਾਰਵਾਈ ਕੀਤੀ ਜਾਂਦੀ ਹੈ।


 






ਦੱਸ ਦਈਏ ਕਿ ਖਰੜ ਨੇੜਲੇ ਪਿੰਡ ਚੰਦੋ ਵਿੱਚ ਬਾਊਂਸਰ ਮਨੀਸ਼ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰਾਂ ਨਾਲ ਅੱਜ ਪੁਲਿਸ ਦਾ ਐਨਕਾਉਂਟਰ ਹੋਇਆ ਹੈ। ਮੁੱਲਾਪੁਰ ਵਿੱਚ ਸਪੈਸ਼ਲ ਸੈੱਲ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ। ਇਸ ਦੌਰਾਨ ਗੈਂਗਸਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਪੁਲਿਸ ਨੇ ਦੋਵਾਂ ਗੈਂਗਸਟਰਾਂ ਗ੍ਰਿਫਤਾਰ ਕਰ ਲਿਆ ਹੈ।



ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਬਾਈਕ ‘ਤੇ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।  ਇਸ ਦੌਰਾਨ ਇੱਕ ਮੁਲਜ਼ਮ ਦੇ ਲੱਤ ਤੇ ਦੂਜੇ ਦੀ ਵੱਖੀ ਵਿੱਚ ਗੋਲੀਆਂ ਲੱਗੀਆਂ ਹਨ। ਦੋਵੇਂ ਮੁਹਾਲੀ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਹਨ ਜਿਨ੍ਹਾਂ ਨੇ ਦੋ ਦਿਨ ਪਹਿਲਾਂ ਬਾਊਂਸਰ ਮਨੀਸ਼ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।



ਦੱਸ ਦਈਏ ਕਿ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹੇ ਦੇ ਖਰੜ ਕਸਬੇ ਵਿੱਚ ਹੋਏ ਬਾਊਂਸਰ ਮਨੀਸ਼ ਦੇ ਕਤਲ ਕੇਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਸੀ। ਦਵਿੰਦਰ ਬੰਬੀਹਾ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਲੱਕੀ ਪਟਿਆਲ ਨੇ ਇਹ ਕਤਲ ਕਰਵਾਇਆ ਹੈ। ਇਹ 5 ਸਾਲ ਪਹਿਲਾਂ ਹੋਏ ਮੀਤ ਬਾਊਂਸਰ ਦੇ ਕਤਲ ਦਾ ਬਦਲਾ ਹੈ। ਪੋਸਟ ਵਿੱਚ ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜਿੰਨਾ ਸਮਾਂ ਲੰਘਦਾ ਜਾਏਗਾ, ਦੁਸ਼ਮਣੀ ਵੀ ਓਨੀ ਹੀ ਵਧਦੀ ਜਾਏਗੀ। ਕੋਈ ਕਿਸੇ ਕਿਸਮ ਦੀ ਗਲਤਫਹਿਮੀ ਵਿੱਚ ਨਾ ਰਵੇ।