Punjab News: ਮਣੀਪੁਰ ਪਿਛਲੇ ਕੁਝ ਦਿਨਾਂ ਦੀ ਹਿੰਸਾ ਤੋਂ ਬਾਅਦ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਹਿੰਸਾ 'ਚ 50 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਕਈ ਪੰਜਾਬੀ ਵੀ ਇਸ ਹਿੰਸਾ ਦੇ ਵਿੱਚ ਫਸੇ ਹੋਏ ਨੇ। ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਇੱਕ ਨੌਜਵਾਨ ਨੂੰ ਦੇਸ਼ ਦੇ ਉੱਤਰ ਪੂਰਬੀ ਹਿੱਸੇ ਵਿਚ ਹਿੰਸਾ ਦੀ ਲਪੇਟ ’ਚ ਆਏ ਸੂਬੇ ਮਣੀਪੁਰ ’ਚੋਂ ਸੁਰੱਖਿਅਤ ਕੱਢਿਆ ਗਿਆ। ਇਸ ਬਾਰੇ ਮੁੱਖ ਮੰਤਰੀ ਨੇ ਉੱਤਰ ਪੂਰਬੀ ਸੂਬੇ ਵਿੱਚ ਫਸੇ ਪੰਜਾਬੀਆਂ ਨੂੰ ਬਾਹਰ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਸ ਕਾਰਜ ਲਈ ਪੂਰੀ ਵਾਹ ਲਾ ਰਹੀ ਹੈ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੂਬੇ ਦੇ ਨੌਜਵਾਨ ਰਾਹੁਲ ਕੁਮਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਉਹ ਛੇਤੀ ਹੀ ਘਰ ਵਾਪਸ ਪਹੁੰਚ ਜਾਵੇਗਾ।
ਜਾਰੀ ਕੀਤਾ ਹੈਲਪਲਾਈਨ ਨੰਬਰ ਤੇ ਈਮੇਲ ਆਈ.ਡੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਈ ਵੀ ਵਿਦਿਆਰਥੀ ਜਾਂ ਹੋਰ ਵਿਅਕਤੀ, ਜੋ ਮਣੀਪੁਰ ਵਿਚ ਫਸਿਆ ਹੋਇਆ ਹੈ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 9417936222 ਜਾਂ ਈਮੇਲ ਆਈ.ਡੀ. sahotramanjeet@gmail.com ’ਤੇ ਸੰਪਰਕ ਕਰ ਸਕਦੇ ਹਨ। ਮਣੀਪੁਰ 'ਚ ਫਸੇ ਨੌਜਵਾਨਾਂ/ਵਿਦਿਆਰਥੀਆਂ ਦੇ ਚਿੰਤਤ ਪਰਿਵਾਰਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿਚ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ।
CM ਮਾਨ ਨੇ ਟਵਿੱਟਰ ਉੱਤੇ ਟਵੀਟ ਕਰਕੇ ਕਿਹਾ ਕਿ - 'ਮਣੀਪੁਰ 'ਚ ਫੈਲੀ ਹਿੰਸਾ ਕਰਕੇ ਬਹੁਤ ਸਾਰੇ ਪੰਜਾਬੀ ਵੀ ਉੱਥੇ ਫਸੇ ਹੋਏ ਨੇ ਜਿਹਨਾਂ ‘ਚੋਂ ਇੱਕ ਰਾਹੁਲ ਕੁਮਾਰ ਪੰਜਾਬ ਸਰਕਾਰ ਦੇ ਉੱਦਮ ਸਦਕਾ ਅੱਜ ਵਾਪਿਸ ਆ ਰਿਹਾ ਹੈ... ਜੋ ਵੀ ਪੰਜਾਬੀ ਵਿਦਿਆਰਥੀ ਉੱਥੇ ਫਸੇ ਨੇ ਉਹ ਇਸ ਨੰਬਰ 9417936222 ਤੇ ਇਸ ਮੇਲ ਆਈ-ਡੀ sahotramanjeet@gmail.com 'ਤੇ ਰਾਬਤਾ ਕਰ ਸਕਦੇ ਨੇ...ਸਰਕਾਰ ਤੁਹਾਡੇ ਨਾਲ ਹੈ...'
ਕੇਂਦਰ ਸਰਕਾਰ ਨੂੰ ਕੀਤੀ ਬੇਨਤੀ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਪੂਰਾ ਸਹਿਯੋਗ ਕਰੇ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਮਣੀਪੁਰ ਵਿਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਕੱਢੇ ਜਾਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਦੇ ਦਖਲ ਦੀ ਲੋੜ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਭਾਰਤ ਸਰਕਾਰ ਮਣੀਪੁਰ ਹਿੰਸਾ ਵਿਚ ਫਸੇ ਸਾਰੇ ਲੋਕਾਂ ਲਈ ਮਦਦ ਦਾ ਹੱਥ ਵਧਾਉਣ ਵਾਸਤੇ ਲੋੜੀਂਦੇ ਕਦਮ ਚੁੱਕੇਗੀ।