Jalandhar Lok Sabha Bypoll: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਅੱਜ ਨੇ, ਜਿਸ ਕਰਕੇ ਪੋਲਿੰਗ ਪਾਰਟੀਆਂ ਵੋਟਾਂ ਪੁਅਉਣ ਲਈ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਚੁੱਕੀਆਂ ਨੇ। ਪੋਲਿੰਗ ਪਾਰਟੀਆਂ ਨੂੰ ਈਵੀਐੱਮ ਅਤੇ ਹੋਰ ਲੋੜੀਂਦੀ ਸਮੱਗਰੀ ਦੇ ਕੇ ਰਵਾਨਾ ਕੀਤਾ ਗਿਆ। ਲਾਡੋਵਾਲੀ ਰੋਡ 'ਤੇ ਸੀਨੀਅਰ ਸਕੈਡਰੀ ਸਕੂਲ, ਦੋਆਬਾ ਕਾਲਜ, ਹੰਸ ਰਾਜ ਸਟੇਡੀਅਮ, ਕੇਐਮਵੀ ਕਾਲਜ ਤੇ ਹੋਰ ਥਾਵਾਂ ਤੋਂ 9 ਵਿਧਾਨ ਸਭਾ ਹਲਕਿਆ ਲਈ ਇਹ ਪਾਰਟੀਆਂ 1972 ਪੋਲਿੰਗ ਬੂਥਾਂ ’ਤੇ ਚੋਣ ਕਰਵਾਉਣਗੀਆਂ। ਪੋਲਿੰਗ ਪਾਰਟੀਆਂ ਲਈ ਬੱਸਾਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ। 10 ਮਈ ਯਾਨੀਕਿ ਅੱਜ ਸਵੇੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਸਾਰੇ ਲੋਕ ਸਭਾ ਹਲਕੇ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਗਨ।
ਲੋਕ ਸਭਾ ਜ਼ਿਮਨੀ ਚੋਣ ਨੂੰ ਸੁਤੰਤਰ, ਨਿਰਪੱਖ ਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਵਾਲੇ ਦਿਨ ਸਾਰੇ 1972 ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਵੈੱਬਕਾਸਟਿੰਗ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੀਆਂ ਪੋਲਿੰਗ ਥਾਵਾਂ ’ਤੇ ਕੁਲ 2138 ਸੀਸੀਟੀਵੀ. ਕੈਮਰੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ’ਚ ਕੁਲ 81 ਡੈਸਕਟਾਪ ਕੰਪਿਊਟਰ ਤੇ 5 ਪ੍ਰੋਜੈਕਟਰ ਲਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਪੋਲਿੰਗ ਸਟੇਸ਼ਨਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਇੰਟਰਨੈੱਟ ਦੀ ਸਹੂਲਤ ਦੇ ਨਾਲ ਰਾਊਟਰ ਤੇ ਵਾਈ-ਫਾਈ ਸਿਗਨਲ ਨਾਲ ਲੈਸ ਹਨ, ਜੋ ਕੰਟਰੋਲ ਰੂਮ ’ਚ ਵੈੱਬਕਾਸਟਿੰਗ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ ਤੇ ਚੋਣ ਸੁਪਰਵਾਈਜ਼ਰ ਲਾਈਵ ਸਟ੍ਰੀਮਿੰਗ ਰਾਹੀਂ ਪੋਲਿੰਗ ਬੂਥਾਂ ਦੀਆਂ ਗਤੀਵਿਧੀਆਂ ਨੂੰ ਦੇਖ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਮਨੀ ਚੋਣਾਂ ਨੂੰ ਸੁਤੰਤਰ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ, ਜਿਸ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਮਾਈਕ੍ਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਿਸ ਲਈ ਪ੍ਰਸ਼ਾਸਨ ਵੱਲੋਂ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਚੋਣ ਲਈ 1972 ਪੋਲਿੰਗ ਸਟੇਸ਼ਨਾਂ ’ਤੇ 9865 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।