Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਜਨਤਾ ਸਾਹਮਣੇ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਵਿੱਤੀ ਹਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਵਿੱਤੀ ਵਰ੍ਹੇ 'ਚ ਐਕਸਾਈਜ਼ ਤੋਂ ਕੁੱਲ 8,841 ਕਰੋੜ ਦੀ ਆਮਦਨ ਹੋਈ ਹੈ। ਇਸ ਵਿੱਚ ਪਿਛਲੇ ਸਾਲ ਤੋਂ ਆਮਦਨ ‘ਚ 41%ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਵਿੱਤੀ ਵਰ੍ਹੇ 2023-24 'ਚ ਐਕਸਾਈਜ਼ ਤੋਂ ਆਮਦਨ ਨੂੰ 10,000 ਕਰੋੜ ਤੱਕ ਲੈ ਕੇ ਜਾਣਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਜੀਐਸਟੀ ਕੁਲੈਕਸ਼ਨ 2022-23 'ਚ 18,126 ਕਰੋੜ ਹੋ ਗਈ, ਜਿਸ ‘ਚ ਪਿਛਲੇ ਸਾਲ ਨਾਲ਼ੋਂ 16.6% ਦਾ ਵਾਧਾ ਹੋਇਆ ਹੈ। ਪੰਜਾਬ ਹੁਣ ਜੀਐਸਟੀ ਦੀ ਰਿਕਾਰਡ ਤੋੜ ਕੁਲੈਕਸ਼ਨ ਕਰਨ ਵਾਲੇ ਸੂਬਿਆਂ 'ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਕਰਵਾਉਣ 'ਤੇ 2.25% ਦੀ ਛੂਟ ਦੇਣ ਨਾਲ ਸਿਰਫ਼ ਮਾਰਚ ਮਹੀਨੇ 'ਚ 78% ਮਾਲੀਆ ਦਾ ਵਾਧਾ ਹੋਇਆ ਹੈ। ਫ਼ਰਵਰੀ ‘ਚ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ 338.99 ਸੀ ਜੋ ਮਾਰਚ ਮਹੀਨੇ ‘ਚ ਵਧ ਕੇ 658.79 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਿਜਲੀ ਵਿਭਾਗ ਨੂੰ ਹਮੇਸ਼ਾ ਘਾਟੇ ‘ਚ ਰੱਖਿਆ ਸੀ। ਬਿਜਲੀ ਮਹਿਕਮੇ ਨੂੰ ਕਦੇ ਵੀ ਕਿਸੇ ਸਰਕਾਰ ਵੱਲੋਂ ਸਬਸਿਡੀਆਂ ਦਾ ਪੂਰਾ ਪੈਸਾ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਨੇ 2022-23 ਦੀ ਸਬਸਿਡੀ ਦੀ 20,200 ਕਰੋੜ ਦੀ ਰਕਮ ਬਿਜਲੀ ਵਿਭਾਗ ਨੂੰ ਅਦਾ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਬਸਿਡੀ ਜਾਰੀ ਰੱਖਣ ਲਈ ਸਰਕਾਰ ਵੱਲੋਂ PSPCL ਨੂੰ 9,063 ਕਰੋੜ ਦਿੱਤੇ ਗਏ ਹਨ। ਘਰੇਲੂ ਸਬਸਿਡੀ ਲਈ 8226 ਕਰੋੜ ਦਿੱਤੇ ਗਏ ਹਨ। ਇੰਡਸਟਰੀ ਸਬਸਿਡੀ ਲਈ 2911 ਕਰੋੜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਦੀ ਆਮਦਨ 'ਚ ਇਸ ਸਾਲ 661 ਕਰੋੜ ਦਾ ਵਾਧਾ ਹੋਇਆ ਹੈ। ਪਹਿਲਾਂ ਇਹੀ ਪੈਸਾ ਇੱਕ ਪਰਿਵਾਰ ਦੇ ਖ਼ਜ਼ਾਨੇ 'ਚ ਜਾਂਦਾ ਸੀ।