Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਅੱਜ-ਕੱਲ੍ਹ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਸ਼ਨੀਵਾਰ ਨੂੰ ਬਠਿੰਡਾ ਵਿੱਚ ਉਨ੍ਹਾਂ ਵੱਲੋਂ ਕੀਤਾ ਇੱਕ ਐਲਾਨ ਕਾਫੀ ਚਰਚਾ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਝ ਸਮਾਂ ਦਿਓ, ਅਜਿਹਾ ਮਾਹੌਲ ਸਿਰਜਿਆ ਜਾਵੇਗਾ ਕਿ ਅੰਗਰੇਜ਼ ਨੌਕਰੀਆਂ ਦੀ ਭਾਲ ਵਿੱਚ ਪੰਜਾਬ ਆਉਣਗੇ। ਇਸ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਹੋ ਰਹੀ ਹੈ। ਦਰਅਸਲ ਸ਼ਨੀਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿੱਚ ਪਹਿਲੇ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਵੀ ਸਾਢੇ ਤਿੰਨ ਲੱਖ ਬੱਚਿਆਂ ਦੇ ਵਿਦੇਸ਼ ਜਾਣ ਦੀ ਸੰਭਾਵਨਾ ਹੈ। ਸਿਰਫ਼ ਬੱਚਾ ਹੀ ਵਿਦੇਸ਼ ਨਹੀਂ ਜਾਂਦਾ, ਉਨ੍ਹਾਂ ਨਾਲ ਪ੍ਰਤੀ ਵਿਅਕਤੀ 15 ਲੱਖ ਰੁਪਏ ਵੀ ਬਾਹਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਦਿਓ, ਅਜਿਹਾ ਮਾਹੌਲ ਸਿਰਜਿਆ ਜਾਵੇਗਾ ਕਿ ਅੰਗਰੇਜ਼ ਨੌਕਰੀਆਂ ਦੀ ਭਾਲ ਵਿੱਚ ਪੰਜਾਬ ਆਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਨਵੇਂ ਮੌਕੇ ਪੈਦਾ ਕਰਕੇ ‘ਪ੍ਰਤਿਭਾ ਦੀ ਨਿਕਾਸੀ’ ਨੂੰ ਰੋਕਣ ਲਈ ਦ੍ਰਿੜ ਸੰਕਲਪ ਹੈ ਤਾਂ ਜੋ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੂਜੇ ਦੇਸ਼ਾਂ ਵਿੱਚ ਜਾਣ ਦੀ ਲੋੜ ਨਾ ਪਏ। ਮਾਨ ਨੇ ਕਿਹਾ ਕਿ ਸਿੱਖਿਆ ਨੂੰ ਰੁਜ਼ਗਾਰ ਦੇ ਉਪਲਬਧ ਮੌਕਿਆਂ ਦੇ ਅਨੁਕੂਲ ਬਣਾਉਣ ਦੀ ਲੋੜ ਹੈ। ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਵਿੱਚ ਉਦਯੋਗਾਂ ਲਈ ਵਧੀਆ ਮਾਹੌਲ ਸਿਰਜਣ ਲਈ ਕੁਝ ਸਮਾਂ ਕੱਢਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਨੂੰ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਖਾਸ ਕਰਕੇ ਧੀਆਂ ਨੂੰ ਆਪਣੀ ਪਸੰਦ ਦੇ ਖੇਤਰ ਵਿੱਚ ਮੱਲਾਂ ਮਾਰਨ ਦੀ ਆਜ਼ਾਦੀ ਦੇਣ। ਮਾਨ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹਮੇਸ਼ਾ ਉਂਗਲਾਂ ਫੜ ਕੇ ਨਹੀਂ ਰੱਖਣੀਆਂ ਚਾਹੀਦੀਆਂ, ਸਗੋਂ ਉਨ੍ਹਾਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਖੁੱਲ੍ਹਾ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ।
ਸੀਐਮ ਭਗਵੰਤ ਮਾਨ ਦਾ ਦਾਅਵਾ, ਅਜਿਹਾ ਮਾਹੌਲ ਬਣਾਵਾਂਗੇ ਕਿ ਅੰਗਰੇਜ਼ ਪੰਜਾਬ 'ਚ ਨੌਕਰੀਆਂ ਲੈਣ ਆਉਣਗੇ....
abp sanjha | ravneetk | 10 Apr 2022 12:19 PM (IST)
ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿੱਚ ਪਹਿਲੇ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਵੀ ਸਾਢੇ ਤਿੰਨ ਲੱਖ ਬੱਚਿਆਂ ਦੇ ਵਿਦੇਸ਼ ਜਾਣ ਦੀ ਸੰਭਾਵਨਾ ਹੈ।
bhagwant_mann