ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਲੰਘੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਵਿਆਹ ਤੋਂ ਬਾਅਦ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਦੇ ਪ੍ਰਤੀਕਰਮ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਸਨ। ਇਸ ਦਰਮਿਆਨ ਚੁੱਪੀ ਤੋੜਦਿਆਂ ਇੰਦਰਪ੍ਰੀਤ ਕੌਰ ਦੀ ਇਕ ਪੋਸਟ ਸਾਹਮਣੇ ਆਈ ਹੈ।


ਦਰਅਸਲ 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਇੰਦਰਪ੍ਰੀਤ ਕੌਰ ਨੇ ਆਪਣਾ ਫੇਸਬੁੱਕ ਕਵਰ ਅਪਡੇਟ ਕੀਤਾ ਹੈ, ਜੋ ਕਿ ਅੰਗਰੇਜ਼ੀ ਵਿਚ ਲਿਖਿਆ ਹੈ। ਜਿਸ ਵਿਚ ਉਨ੍ਹਾਂ ਕਿਹਾ ਹੈ ਕਿ 'ਸਭ ਤੋਂ ਉਤਮ ਬਦਲਾ ਉਨ੍ਹਾਂ ਨੂੰ ਇਹ ਦਰਸਾਉਂਦਾ ਹੈ ਕਿ ਤੁਹਾਡਾ ਜੀਵਨ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਰ ਬਿਹਤਰ ਹੋ ਰਿਹਾ ਹੈ।


ਦੱਸ ਦੇਈਏ ਕਿ ਸਾਲ 2015 'ਚ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ ਦਾ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਖਿਆ ਸੀ ਕਿ ਉਨ੍ਹਾਂ ਨੇ ਪਰਿਵਾਰ ਅਤੇ ਪੰਜਾਬ 'ਚੋਂ ਪੰਜਾਬ ਨੂੰ ਚੁਣਿਆ ਹੈ ਪਰ ਇੰਦਰਪ੍ਰੀਤ ਕੌਰ ਨੇ ਕਦੇ ਇਸ ਤਲਾਕ ਸੰਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 


ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਸਮੇਂ ਵੀ ਉਨ੍ਹਾਂ ਦੇ ਦੋਵੇਂ ਬੱਚੇ ਪੁੱਤਰ ਦਿਲਸ਼ਾਨ ਮਾਨ ਅਤੇ ਸੀਰਤ ਕੌਰ ਖਟਕੜ ਕਲਾਂ ਪਹੁੰਚੇ ਸਨ। ਹਾਲਾਂਕਿ ਭਗਵੰਤ ਮਾਨ ਅਨੁਸਾਰ ਉਨ੍ਹਾਂ ਨੇ ਆਪਣੇ ਵਿਆਹ ਸਬੰਧੀ ਆਪਣੇ ਬੱਚਿਆਂ ਅਤੇ ਪਹਿਲੀ ਪਤਨੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਤਾਂ ਜੋ ਉਨ੍ਹਾਂ ਨੂੰ ਇਸ ਬਾਰੇ ਮੀਡੀਆ ਖ਼ਬਰਾਂ ਤੋਂ ਹੀ ਪਤਾ ਨਾ ਲੱਗੇ।


ਦੱਸ ਦੇਈਏ ਕਿ ਡਾ: ਗੁਰਪ੍ਰੀਤ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਪਿਹੋਵਾ ਦੇ ਟੈਗੋਰ ਪਬਲਿਕ ਸਕੂਲ ਤੋਂ ਕੀਤੀ, ਇਸ ਤੋਂ ਪਹਿਲਾਂ ਕਿ ਉਸਨੇ ਚੰਡੀਗੜ੍ਹ ਦੇ ਹਾਇਰ ਸੈਕੰਡਰੀ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਉਸਨੇ ਅੰਬਾਲਾ ਸਥਿਤ ਇੱਕ ਮੈਡੀਕਲ ਕਾਲਜ ਤੋਂ 2017 ਵਿੱਚ ਆਪਣੀ ਮੈਡੀਕਲ ਡਿਗਰੀ ਪੂਰੀ ਕੀਤੀ, ਅਤੇ ਅੰਬਾਲਾ ਦੇ ਇੱਕ ਹਸਪਤਾਲ ਵਿੱਚ ਅਭਿਆਸ ਵੀ ਕੀਤਾ।


ਉਸਦਾ ਪਰਿਵਾਰ ਮੂਲ ਰੂਪ ਵਿੱਚ ਪਿੰਡ ਘੁਮਟਾਲਾ ਗਡੂ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਪਿੰਡ ਦੇ ਸਾਬਕਾ ਸਰਪ੍ਰੰਚ ਹਨ ਅਤੇ 40 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਦੇ ਮਾਲਕ ਹਨ। ਉਸਦੀ ਮਾਂ ਰਾਜਿੰਦਰ ਕੌਰ ਉਰਫ ਰਾਜ ਘਰੇਲੂ ਔਰਤ ਹੈ।