Mattewara Forest: ਮੱਤੇਵਾੜਾ ਜੰਗਲਾਂ ਦਾ ਮਾਮਲਾ ਅਜੇ ਵੀ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ। ਸਾਬਕਾ ਸਾਂਸਦ ਧਰਮਵੀਰ ਗਾਂਧੀ ਵੱਲੋਂ ਭਲਕੇ ਮੱਤੇਵਾੜਾ 'ਚ ਸਤਲੁਜ ਦਰਿਆ ਦੇ ਕੰਢੇ ਇਕੱਠ ਬੁਲਾਇਆ ਗਿਆ ਹੈ। 


ਜਿਸ ਨੂੰ ਹੁਣ ਸੁਖਪਾਲ ਖਹਿਰਾ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਇੱਕ ਟਵੀਟ ਕੀਤਾ ਜਿਸ  'ਚ ਲਿਖਿਆ ਕਿ ਜੋ ਲੋਕ ਪੰਜਾਬ ਅਤੇ ਸਾਫ ਵਾਤਾਵਰਨ ਨੂੰ ਪਿਆਰ ਕਰਦੇ ਹਨ ਅਤੇ ਉਹ ਧਰਮਵੀਰ ਗਾਂਧੀ ਦੇ ਸੱਦੇ 'ਤੇ ਮੱਤੇਵਾੜਾ ਜਰੂਰ ਪਹੁੰਚਣ। 



ਦੱਸ ਦਈਏ ਧਰਮਵੀਰ ਗਾਂਧੀ ਵੱਲੋਂ ਭਲਕੇ ਮੱਤੇਵਾੜਾ ਵਿਖੇ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ । ਜਿਸ 'ਚ ਮੱਤੇਵਾੜਾ ਦੇ ਇਤਿਹਾਸਕ ਜੰਗਲ ਜੀਵ ਜੰਤੂ ਅਤੇ ਸਤਲੁਜ ਦੇ ਹੜ ਦੇ ਮੈਦਾਨ ਬਚਾਉਣ ਲਈ ਅਤੇ ਸਤਲੁਜ ਨੂੰ ਬੁੱਢੇ ਦਰਿਆ ਵਾਂਗ ਇੱਕ ਹੋਰ ਨਾਲਾ ਬਣਨ ਤੋਂ ਰੋਕਣ ਲਈ ਹਾਅ ਦਾ ਨਾਅਰਾ ਮਾਰਨ ਲਈ ਧੁੱਸੀ ਬੰਨ੍ਹ ਨੇੜੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ। 






ਦੱਸ ਦੇਈਏ ਕਿ ਮੱਤੇਵਾੜਾ ਜੰਗਲ ਲੁਧਿਆਣਾ ਸ਼ਹਿਰ ਦੇ ਨਾਲ ਲੱਗਦੇ ਹਨ। ਜੋ ਕਿ ਵਿਸ਼ਵ ਦੇ ਚਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ।


ਕੀ ਹੈ ਇਹ ਪ੍ਰਸਤਾਵ, ਇੰਨਾ ਸਖ਼ਤ ਵਿਰੋਧ ਕਿਉਂ ਹੋ ਰਿਹਾ ਹੈ?
ਲੁਧਿਆਣਾ ਵਿੱਚ ਪੀਐਮ-ਮਿਤਰਾ PM-MITRA ਸਕੀਮ ਦੇ ਤਹਿਤ ਇੱਕ ਮੈਗਾ ਏਕੀਕ੍ਰਿਤ ਟੈਕਸਟਾਈਲ ਰੀਜਨ ਅਤੇ ਅਪੈਰਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਹੈ।ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਮੱਤੇਵਾੜਾ ਜੰਗਲ ਦੇ ਨੇੜੇ ਅਤੇ ਸਤਲੁਜ ਦਰਿਆ ਕੰਢੇ 'ਤੇ ਪੈਂਦੀ ਹੈ।









ਕੇਂਦਰੀ ਟੈਕਸਟਾਈਲ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੀਐਮ-ਮਿਤਰਾ PM-MITRA ਦੇ ਤਹਿਤ, 4,445 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਦੇਸ਼ ਭਰ ਵਿੱਚ ਕੁੱਲ ਸੱਤ ਅਜਿਹੇ ਪਾਰਕ ਆਉਣਗੇ। ਨੋਟੀਫਿਕੇਸ਼ਨ 'ਪ੍ਰੋਜੈਕਟ ਦੇ ਉਦੇਸ਼' ਨੂੰ 'ਟਿਕਾਊ ਉਦਯੋਗੀਕਰਨ' ਵਜੋਂ ਵੀ ਦਰਸਾਉਂਦਾ ਹੈ ਜੋ 'ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ 9' ਨੂੰ ਪੂਰਾ ਕਰਨ ਲਈ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।


ਪ੍ਰਸਤਾਵਿਤ ਪ੍ਰੋਜੈਕਟ ਸਾਈਟ ਮੱਤੇਵਾੜਾ ਜੰਗਲ ਦੇ ਨੇੜੇ ਅਤੇ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਹੈ।ਇਹ ਮੱਤੇਵਾੜਾ ਜੰਗਲ ਨੂੰ ਦੋ ਪਾਸਿਆਂ ਤੋਂ ਘੇਰਦਾ ਹੈ, ਅਤੇ ਇੱਕ ਪਾਸੇ ਸਤਲੁਜ ਦਰਿਆ ਦੀ ਸਰਹੱਦ ਵੀ ਹੈ।ਇਹ ਡਰ ਹੈ ਕਿ ਇਹ ਪ੍ਰੋਜੈਕਟ ਨਾ ਸਿਰਫ਼ ਸੁਰੱਖਿਅਤ ਜੰਗਲਾਂ ਦੀ ਜੈਵ ਵਿਭਿੰਨਤਾ ਨੂੰ ਵਿਗਾੜੇਗਾ, ਸਗੋਂ ਫੈਕਟਰੀਆਂ ਤੋਂ ਰਸਾਇਣਕ ਡਿਸਚਾਰਜ ਵੀ ਨਦੀ 'ਚ ਛੱਡਿਆ ਜਾ ਸਕਦਾ ਹੈ ਜਿਸ ਨਾਲ ਪਾਣੀ ਦੁਸ਼ਿਤ ਹੋਣ ਦਾ ਖ਼ਤਰਾ ਹੈ।2,300 ਏਕੜ ਵਿੱਚ ਮੱਤੇਵਾੜਾ ਜੰਗਲ ਫੈਲਿਆ ਹੋਇਆ ਹੈ।