ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨਾ ਦੇਣ ਵਾਲੇ ਨੌਜਵਾਨਾਂ ਨੂੰ ਕਿਹਾ ਹੈ ਕਿ ਥੋੜ੍ਹਾ ਜਿਹਾ ਸਬਰ ਕਰ ਲਓ। ਅਜੇ ਸਾਡੀ ਸਰਕਾਰ ਬਣੇ ਨੂੰ ਦੋ ਮਹੀਨੇ ਹੀ ਹੋਏ ਹਨ। ਅਸੀਂ ਖਜ਼ਾਨਾ ਵੀ ਭਰਨਾ ਹੈ ਤੇ ਤੁਹਾਨੂੰ ਸਹੂਲਤਾਂ ਵੀ ਦੇਣੀਆਂ ਹਨ।
ਉਨ੍ਹਾਂ ਕਿਹਾ ਕਿ ਆਮ ਬੰਦਾ ਸਵੇਰੇ ਉਠਦਾ ਹੈ, ਉਸ ਲਈ ਸਵੇਰ ਤੋਂ ਹੀ ਹਰ ਵਸਤੂ 'ਤੇ ਟੈਕਸ ਸ਼ੁਰੂ ਹੋ ਜਾਂਦੇ ਹਨ। ਇੰਨੇ ਜ਼ਿਆਦਾ ਟੈਕਸ ਹਨ ਪਰ ਫਿਰ ਵੀ ਖਜ਼ਾਨਾ ਖਾਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਦੇਖਾਂਗੇ ਕਿ ਖਜ਼ਾਨਾ ਖਾਲੀ ਕਿਉਂ ਹੈ ਤੇ ਕਿਸ ਨੇ ਕੀਤਾ ਹੈ। ਖਜਾਨਾ ਭਰਨ 'ਤੇ ਜੋਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਗਠਜੋੜ ਕਿਸੇ ਨਾਲ ਨਹੀਂ, ਸਾਡਾ ਗਠਜੋੜ ਲੋਕਾਂ ਨਾਲ ਹੈ।
ਸੀਐਮ ਭਗਵੰਤ ਮਾਨ ਨੇ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਤੁਸੀਂ ਸੁਝਾਅ ਦਿੰਦੇ ਰਹੋ। ਸਾਡੀ ਕੋਸ਼ਿਸ਼ ਰਹੇਗੀ ਕਿ ਬਦਲੀਆਂ ਨਾ ਕੀਤੀਆਂ ਜਾਣ। ਪਹਿਲੀਆਂ ਸਰਕਾਰਾਂ ਜਾਣਬੁੱਝ ਕੇ ਦੂਰ ਬਦਲੀ ਕਰ ਦਿੰਦਿਆਂ ਸੀ, ਤਾਂ ਜੋ ਕਰਮਚਾਰੀ ਘਰ ਨੇੜੇ ਆਉਣ ਤੇ ਬਦਲੀ ਲਈ ਪੈਸੇ ਦੇਣ। ਸੀਐਮ ਮਾਨ ਨੇ ਨਵੇਂ ਭਰਤੀ ਕਰਮਚਾਰੀਆਂ ਨੂੰ ਸਰਕਾਰ ਦਾ ਹਿੱਸਾ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਨੌਕਰ ਨਹੀਂ ਸਰਕਾਰ ਦਾ ਹਿੱਸਾ ਹੋ।
ਦੱਸ ਦਈਏ ਕਿ ਪੰਜਾਬ ਵਿੱਚ ਸਿਹਤ ਵਿਭਾਗ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਮਿਲ ਕੇ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਅੱਜ ਪੰਜਾਬ ਦੇ ਸਿਹਤ ਵਿਭਾਗ ਵੱਲੋਂ 1300 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੇ ਨਾਲ-ਨਾਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 235 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ।
ਸਿਹਤ ਵਿਭਾਗ 'ਚ ਵੱਖ-ਵੱਖ ਅਸਾਮੀਆਂ 'ਤੇ 1300 ਤੋਂ ਵੱਧ ਨੌਜਵਾਨਾਂ ਦੀ ਨਿਯੁਕਤੀ ਨਾਲ ਹੁਣ ਪੰਜਾਬ 'ਚ ਸਿਹਤ ਵਿਭਾਗ ਦੀ ਹਾਲਤ ਬਿਹਤਰ ਹੋਵੇਗੀ।