Punjab News: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕਰਕੇ ਵੱਡਾ ਧਮਾਕਾ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ 30 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਧਰ, ਆਮ ਆਦਮੀ ਪਾਰਟੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਰੱਦ ਕਰਦਿਆਂ ਨਸੀਹਤ ਦਿੱਤੀ ਹੈ ਕਿ ਕਾਂਗਰਸ ਪਹਿਲਾਂ ਆਪਣਿਆਂ ਨੂੰ ਤਾਂ ਸੰਭਾਲ ਲਵੇ।



ਦਰਅਸਲ ਬਾਜਵਾ ਨੇ ਇਹ ਦਾਅਵਾ ਉਸ ਵੇਲੇ ਕੀਤਾ ਹੈ ਜਦੋਂ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਹੋਇਆ ਹੈ। ਉਹ ਅੱਜ ਕਪੂਰਥਲਾ ਭਵਨ ਵਿੱਚ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਮਿਲ ਰਹੇ ਹਨ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਰੇ ਮੰਤਰੀ ਵੀ ਮੌਜੂਦ ਹਨ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਕਰਕੇ 10 ਫਰਵਰੀ ਨੂੰ ਹੋਣ ਵਾਲੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ।



ਬੇਸ਼ੱਕ ਵਿਰੋਧੀ ਸਰਕਾਰ ਟੁੱਟਣ ਦੇ ਦਾਅਵੇ ਕਰ ਰਹੇ ਹਨ ਪਰ ਇੰਨਾ ਆਸਾਨ ਨਹੀਂ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ  ਵਿੱਚੋਂ 'ਆਪ' ਨੇ 92, ਕਾਂਗਰਸ ਨੇ 18, ਭਾਜਪਾ ਨੇ 2, ਸ਼੍ਰੋਮਣੀ ਅਕਾਲੀ ਦਲ ਨੇ 3 ਤੇ ਬਸਪਾ ਨੇ 1 ਸੀਟ ਜਿੱਤੀ ਸੀ। ਪੰਜਾਬ ਵਿੱਚ ਬਹੁਮਤ ਦਾ ਅੰਕੜਾ 59 ਹੈ। ਅਜਿਹੀ ਸਥਿਤੀ ਵਿੱਚ ਜੇਕਰ 30 ਵਿਧਾਇਕ ਪਾਰਟੀ ਛੱਡ ਵੀ ਦਿੰਦੇ ਹਨ, ਤਾਂ ਵੀ 'ਆਪ' ਕੋਲ ਫਿਰ ਵੀ 62 ਵਿਧਾਇਕ ਹੋਣਗੇ ਤੇ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਇਸ ਲਈ ਵਿਰੋਧੀਆਂ ਦੇ ਦਾਅਵਿਆਂ ਵਿੱਚ ਕੋਈ ਦਮ ਨਹੀਂ।


ਇਸ ਤੋਂ ਬਾਅਦ ਸੂਬੇ ਵਿੱਚ ਦੋ ਵਾਰ ਉਪ ਚੋਣਾਂ ਹੋਈਆਂ। ਇਸ ਦੌਰਾਨ ਇੱਕ ਵਿਧਾਇਕ 'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਇਆ, ਜਦੋਂਕਿ 4 ਵਿਧਾਇਕ ਸੰਸਦ ਮੈਂਬਰ ਬਣੇ। ਉਪ ਚੋਣਾਂ ਤੋਂ ਬਾਅਦ 'ਆਪ' ਕੋਲ ਹੁਣ ਕੁੱਲ 95 ਵਿਧਾਇਕ ਹਨ। ਕੁਝ ਦਿਨ ਪਹਿਲਾਂ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਇਸ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ।


ਉਧਰ, ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਕਿਹਾ ਹੈ ਕਿ ਪੰਜਾਬ ਦੇ ਵਿਧਾਇਕਾਂ ਵਿੱਚ 'ਆਪ' ਦੀ ਕੇਂਦਰੀ ਲੀਡਰਸ਼ਿਪ ਪ੍ਰਤੀ ਗੁੱਸਾ ਹੈ। ਇਹ ਲੋਕ ਪੰਜਾਬ ਦੇ ਸਾਧਨਾਂ ਤੇ ਸ਼ੋਤਾਂ 'ਤੇ ਕਬਜ਼ਾ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਤੋਂ ਬਾਹਰੋਂ ਲੋਕਾਂ ਨੂੰ ਰਾਜ ਸਭਾ ਵਿੱਚ ਭੇਜਿਆ। ਉਹ ਕਈ ਤਰੀਕਿਆਂ ਨਾਲ ਸ਼ੋਸ਼ਣ ਕਰ ਰਹੇ ਹਨ। ਇਹ ਮੌਕਾਪ੍ਰਸਤ ਲੋਕ ਹਨ। ਸਿਧਾਂਤਾਂ ਵਾਲੇ ਲੋਕ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਸਨ। ਉਨ੍ਹਾਂ ਦੇ ਵਿਧਾਇਕ ਭਾਜਪਾ ਤੇ ਕਾਂਗਰਸ ਵਿੱਚ ਕਿਤੇ ਵੀ ਜਾ ਸਕਦੇ ਹਨ। ਪੰਜਾਬ ਵਿੱਚ ਇਨ੍ਹਾਂ ਦਾ ਕੋਈ ਵਜੂਦ ਨਹੀਂ ਬਚਿਆ। ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਤੋਂ ਬਾਹਰ ਹੋ ਜਾਣਗੇ।


ਦੱਸ ਦਈਏ ਕਿ ਦਿੱਲੀ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੂਰੀ ਲੀਡਰਸ਼ਿਪ ਨੇ ਕੇਜਰੀਵਾਲ ਲਈ ਵੋਟਾਂ ਮੰਗੀਆਂ ਸਨ। ਇਸ ਤੋਂ ਬਾਅਦ ਵੀ ਪਾਰਟੀ ਪਿਛਲੀ ਵਾਰ 62 ਸੀਟਾਂ ਦੇ ਮੁਕਾਬਲੇ ਸਿਰਫ਼ 22 ਸੀਟਾਂ 'ਤੇ ਸਿਮਟ ਗਈ। ਇਸ ਦੇ ਨਾਲ ਹੀ ਭਾਜਪਾ ਪਿਛਲੀ ਵਾਰ 8 ਸੀਟਾਂ ਤੋਂ ਅੱਗੇ ਵਧੀ ਤੇ 48 ਸੀਟਾਂ ਜਿੱਤ ਕੇ 27 ਸਾਲਾਂ ਬਾਅਦ ਦਿੱਲੀ ਵਿੱਚ ਸਰਕਾਰ ਬਣਾਈ। ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਦਿੱਲੀ ਚੋਣਾਂ ਲਈ 'ਆਪ' ਨੇ ਸਟਾਰ ਪ੍ਰਚਾਰਕ ਬਣਾਇਆ ਸੀ। ਇਸ ਲਈ ਮੁੱਖ ਮੰਤਰੀ ਮਾਨ ਨੇ ਦਿੱਲੀ ਵਿੱਚ ਕਈ ਰੋਡ ਸ਼ੋਅ ਤੇ ਰੈਲੀਆਂ ਕਰਕੇ ਆਪਣਾ ਹਿੱਸਾ ਨਿਭਾਇਆ। ਹਾਲਾਂਕਿ 'ਆਪ' ਨੂੰ ਉਨ੍ਹਾਂ ਕਈ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਮਾਨ ਨੇ ਚੋਣ ਪ੍ਰਚਾਰ ਕੀਤਾ ਸੀ।


ਦਰਅਸਲ 'ਆਪ' ਦੇ ਸੱਤਾ ਗੁਆਉਣ ਦਾ ਖ਼ਤਰਾ 2024 ਵਿੱਚ ਹੀ ਮੰਡਰਾ ਰਿਹਾ ਸੀ, ਜਦੋਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ, ਜਦੋਂ ਕਿ ਪੰਜਾਬ ਵਿੱਚ ਵੀ ਇਹ 13 ਵਿੱਚੋਂ ਸਿਰਫ਼ 3 ਸੀਟਾਂ ਹੀ ਜਿੱਤ ਸਕੀ। 10 ਸਾਲਾਂ ਵਿੱਚ ਦਿੱਲੀ ਗੁਆਉਣ ਤੋਂ ਬਾਅਦ ਪੰਜਾਬ 'ਆਪ' ਲਈ ਬਹੁਤ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਪਾਰਟੀ ਕੋਲ ਸਿਰਫ਼ ਇਸ ਸੂਬੇ ਵਿੱਚ ਹੀ ਸੱਤਾ ਹੈ। ਇਸ ਲਈ ਕੇਜਰੀਵਾਲ ਇੱਥੇ ਅਜਿਹਾ ਕੰਮ ਕਰਨਾ ਚਾਹੁੰਦੇ ਹਨ ਜਿਸ ਨਾਲ ਇੱਕ ਵਾਰ ਫਿਰ ਦਿੱਲੀ ਤੇ ਹੋਰ ਰਾਜਾਂ ਵਿੱਚ ਪਾਰਟੀ ਦਾ ਪ੍ਰਭਾਵ ਵਧੇ। ਪੰਜਾਬ ਵਿੱਚ ਚੋਣਾਂ ਹੋਣ ਵਿੱਚ ਅਜੇ ਦੋ ਸਾਲ ਬਾਕੀ ਹਨ। ਅਜਿਹੀ ਸਥਿਤੀ ਵਿੱਚ ਪਾਰਟੀ ਹੁਣ ਕੋਈ ਗਲਤੀ ਕਰਨ ਦੇ ਮੂਡ ਵਿੱਚ ਨਹੀਂ।