ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਫੇਰੀ ਨੂੰ ਲੈ ਕੇ ਸਿਆਸੀ ਘਮਾਸਾਣ ਮੱਚ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ 8 ਸਾਲ ਸੰਸਦ ਮੈਂਬਰ ਵਜੋਂ ਦਿੱਲੀ ਵਿੱਚ ਰਹੇ। ਉਦੋਂ ਤੁਸੀਂ ਦਿੱਲੀ ਦੇ ਸਕੂਲਾਂ ਤੇ ਮੁਹੱਲਾ ਕਲੀਨਕਾਂ ਦਾ ਦੌਰਾ ਕਿਉਂ ਨਹੀਂ ਕੀਤਾ? ਤੁਹਾਡੇ ਲੋਕ ਸਭਾ ਹਲਕਾ ਸੰਗਰੂਰ ਵਿੱਚ ਐਮਪੀ ਫੰਡ ਵਿੱਚੋਂ ਦਿੱਲੀ ਮਾਡਲ ਕਿਉਂ ਨਹੀਂ ਲਾਗੂ ਕੀਤਾ ਗਿਆ। ਸਿੱਧੂ ਨੇ ਮਾਨ ਨੂੰ ਕਿਹਾ ਕਿ ਤੁਹਾਡੀ ਦਿੱਲੀ ਫੇਰੀ ਸਿਰਫ ਪ੍ਰਚਾਰ ਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ।







ਉਧਰ ਭਾਜਪਾ ਨੇ ਦਿੱਲੀ ਤੇ ਪੰਜਾਬ ਸਰਕਾਰ ਵਿਚਾਲੇ ਨੌਲੇਜ਼ ਸ਼ੇਅਰਿੰਗ ਕਰਾਰ ਨੂੰ ਮੈਮੋਰੈਂਡਮ ਆਫ ਸਮਰਪਣ ਕਿਹਾ ਹੈ। ਬੀਜੇਪੀ ਨੇ ਕਿਹਾ ਕਿ ਪੰਜਾਬ ਨੂੰ ਅਧਿਕਾਰਤ ਤੌਰ 'ਤੇ ਅਰਵਿੰਦ ਕੇਜਰੀਵਾਲ ਦੇ ਹਵਾਲੇ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕੀਤਾ ਕਿ ਕੀ ਇਹ ਸੱਚ ਹੈ ਕਿ ਪੰਜਾਬ ਤੇ ਦਿੱਲੀ ਸਰਕਾਰ ਵਿਚਾਲੇ ਕੋਈ ਸਮਝੌਤਾ ਹੋਇਆ ਹੈ? ਕੀ ਸੱਚਮੁੱਚ ਪੰਜਾਬ ਨੂੰ ਅਧਿਕਾਰਤ ਤੌਰ 'ਤੇ ਅਰਵਿੰਦ ਕੇਜਰੀਵਾਲ ਦੇ ਹਵਾਲੇ ਕੀਤਾ ਜਾ ਰਿਹਾ ਹੈ? ਇਹ ਕੋਈ ਸਮਝੌਤਾ ਨਹੀਂ ਸਗੋਂ ਮੈਮੋਰੈਂਡਮ ਆਫ ਸਿੰਰਡਰ ਹੈ। ਪੰਜਾਬ ਦੇ ਸਵੈਮਾਣ 'ਤੇ ਹਮਲੇ ਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ।

ਇਸ ਬਾਰੇ ਪੰਜਾਬ ਸਰਕਾਰ ਦੇ ਸਾਬਕਾ ਕਾਂਗਰਸੀ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੀਐਮ ਮਾਨ ਨੇ ਦਿੱਲੀ ਨੂੰ ਪੰਜਾਬ ਠੇਕੇ 'ਤੇ ਦੇ ਦਿੱਤਾ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਹੈ। ਅਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਅਸਲ ਡੋਰ ਕੇਜਰੀਵਾਲ ਦੇ ਹੱਥਾਂ ਵਿੱਚ ਹੈ। ਕੇਜਰੀਵਾਲ ਨੇ ਹੁਣ ਪੂਰੇ ਪੰਜਾਬ ਨੂੰ ਆਊਟਸੋਰਸ ਕਰ ਲਿਆ ਹੈ। ਦਿੱਲੀ ਨੂੰ ਪੰਜਾਬ ਠੇਕੇ 'ਤੇ ਦਿੱਤਾ ਗਿਆ ਹੈ। ਉਨ੍ਹਾਂ ਸੀਐਮ ਮਾਨ ਨੂੰ ਪੰਜਾਬ ਨਾ ਵੇਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਠੱਗਾਂ ਕੋਲ ਗਿਰਵੀ ਨਾ ਰੱਖੋ।

ਦੱਸ ਦਈਏ ਕਿ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਵਿਚਕਾਰ ਸਿੱਖਿਆ ਤੇ ਸਿਹਤ 'ਤੇ ਅੱਜ ਗਿਆਨ ਸਾਂਝਾ ਕਰਨ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਜਾ ਰਹੇ ਹਨ।