ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਵੀਆਈਪੀ ਸੁਰੱਖਿਆ ਵਾਪਸੀ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਗੰਨਮੈਨ ਖੋਹਣ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੁਰੱਖਿਆ ਵਾਪਸ ਲੈਣ 'ਚ ਕੋਈ ਇਤਰਾਜ਼ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਂ ਤੇ ਭੈਣ ਨੂੰ ਸੁਰੱਖਿਆ ਕਿਉਂ ਦਿੱਤੀ ਗਈ ਹੈ ? ਮਾਨ ਸਰਕਾਰ ਦੇ ਮੰਤਰੀ ਪਾਇਲਟ ਜਿਪਸੀਆਂ ਤੇ ਕਮਾਂਡੋਆਂ ਦੀ ਫੌਜ ਲੈ ਕੇ ਕਿਉਂ ਘੁੰਮ ਰਹੇ ਹਨ?



ਦੱਸ ਦਈਏ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ 184 ਨੇਤਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਗੰਨਮੈਨ ਤੇ ਪਾਇਲਟ ਜਿਪਸੀਆਂ ਵਾਪਸ ਲੈ ਲਈਆਂ ਹਨ। ਇਸ ਵਿੱਚ ਜ਼ਿਆਦਾਤਰ ਕਾਂਗਰਸ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ, ਸੇਵਾਮੁਕਤ ਪੁਲਿਸ ਅਧਿਕਾਰੀ ਸ਼ਾਮਲ ਹਨ। ਪ੍ਰਮੁੱਖ ਚਿਹਰਿਆਂ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਸਾਬਕਾ ਮੰਤਰੀ ਸੁਰਜੀਤ ਰੱਖੜਾ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਵਿਰਸਾ ਸਿੰਘ ਵਲਟੋਹਾ, ਅਰਵਿੰਦ ਖੰਨਾ, ਕੈਪਟਨ ਸੰਦੀਪ ਸੰਧੂ, ਕਾਂਗਰਸ ਦੇ ਕੌਮੀ ਬੁਲਾਰੇ ਅਚਾਰੀਆ ਪ੍ਰਮੋਦ ਕ੍ਰਿਸ਼ਨਨ ਸ਼ਾਮਲ ਹਨ।

ਇਸ ਸੂਚੀ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਬੀਰ ਸਿੰਘ ਰੰਧਾਵਾ ਦਾ ਨਾਂ ਵੀ ਸ਼ਾਮਲ ਹੈ। ਉਸ ਕੋਲ ਸਭ ਤੋਂ ਵੱਧ 6 ਮੁਲਾਜ਼ਮਾਂ ਦੀ ਸੁਰੱਖਿਆ ਸੀ। ਇਸ ਦੇ ਇਲਾਵਾ ਇੱਕ ਕਾਰ ਵੀ ਸੀ ਜਿਸ ਨੂੰ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਤੇ ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਸਮੇਤ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪਰਿਵਾਰ ਤੋਂ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

ਇਸ ਬਾਰੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਤੇ ਮਾਂ ਨੂੰ ਸੁਰੱਖਿਆ ਕਿਉਂ ਦਿੱਤੀ ਗਈ ਹੈ? ਮੰਤਰੀਆਂ ਨਾਲ 3 ਪਾਇਲਟ ਜਿਪਸੀਆਂ ਤੇ 20 ਕਮਾਂਡੋ ਕਿਉਂ ਹਨ? ਉਨ੍ਹਾਂ ਟਰਾਂਸਪੋਰਟ ਮੰਤਰੀ ਨੂੰ ਵੀ ਸਵਾਲ ਕੀਤਾ ਕਿ ਉਨ੍ਹਾਂ ਦੀ ਪਤਨੀ ਨੂੰ ਗੰਨਮੈਨ ਕਿਉਂ ਦਿੱਤੇ ਗਏ ਹਨ। ਉਧਰ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ 'ਆਪ' ਸਰਕਾਰ ਦੇ ਮੰਤਰੀਆਂ ਨੂੰ ਕਮਾਂਡੋ ਤੇ ਪਾਇਲਟ ਜਿਪਸੀਆਂ ਕਿਉਂ ਦਿੱਤੀਆਂ ਗਈਆਂ ਹਨ? ਉਨ੍ਹਾਂ ਨੇ ਇੱਕ ਮਹੀਨੇ ਵਿੱਚ ਅਜਿਹਾ ਕਿਹੜਾ ਕੰਮ ਕਰ ਦਿੱਤਾ ਕਿ ਉਨ੍ਹਾਂ ਨੂੰ ਖ਼ਤਰਾ ਹੋ ਗਿਆ ?

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕਿਸ ਗੱਲ ਦਾ ਖ਼ਤਰਾ ਹੈ? ਗੰਨਮੈਨ ਸਿਰਫ ਸਟੇਟਸ ਸਿੰਬਲ ਲਈ ਰੱਖੇ ਗਏ ਸਨ ਜਿਸ ਨੂੰ ਵਾਪਸ ਲਿਆ ਕੇ ਆਮ ਲੋਕਾਂ ਦੀ ਸੁਰੱਖਿਆ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖ਼ਤਰਾ ਉਨ੍ਹਾਂ ਨੂੰ ਹੁੰਦਾ ਹੈ, ਜਿਨ੍ਹਾਂ ਨੇ ਕੁਝ ਗਲਤ ਕੀਤਾ ਹੈ। ਗਰਗ ਨੇ ਕਿਹਾ ਕਿ ‘ਆਪ’ ਦੇ ਮੰਤਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।


 


ਇਹ ਵੀ ਪੜ੍ਹੋ : 6 ਫੁੱਟ 8 ਇੰਚ ਲੰਬੇ ਗੇਂਦਬਾਜ਼ ਦੇ ਕਹਿਰ ਨੇ ਉਡਾਏ ਹੋਸ਼! 5 ਗੇਂਦਾਂ 'ਚ 3 ਵਿਕਟਾਂ ਉਡਾਈਆਂ