Punjab News: ਪੰਜਾਬ ਵਿੱਚ ਹੋ ਰਹੀ ਮਾਲਵਾ ਨਹਿਰ ਦੀ ਉਸਾਰੀ ਵਾਲੀ ਜਗ੍ਹਾ ‘ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪਿੰਡ ਦੋਦਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮਾਲਵਾ ਨਹਿਰ ਬਾਦਲਾਂ ਦੀ ਹਿੱਕ ‘ਤੇ ਬਣੇਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ, ਜਿਨ੍ਹਾਂ ਦੇ ਖੇਤਾਂ 'ਚ ਜਾ ਕੇ ਨਹਿਰਾਂ ਖ਼ਤਮ ਹੋ ਜਾਂਦੀਆਂ ਸੀ ਅੱਜ ਉਹਨਾਂ ਬਾਦਲਾਂ ਦੀ ਹਿੱਕ 'ਤੇ ਨਵੀਂ 'ਮਾਲਵਾ ਨਹਿਰ' ਦੀ ਉਸਾਰੀ ਕਰਨ ਜਾ ਰਹੇ ਹਾਂ... 2300 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀ 149 ਕਿਲੋਮੀਟਰ ਲੰਬੀ ਇਸ ਨਹਿਰ ਰਾਹੀਂ 2 ਲੱਖ ਏਕੜ ਜਮੀਨ ਨੂੰ ਨਹਿਰੀ ਪਾਣੀ ਪਹੁੰਚਾ ਕੇ ਧਰਤੀ ਹੇਠਲਾ ਪਾਣੀ ਬਚਾਇਆ ਜਾਵੇਗਾ...
ਭਗਵੰਤ ਮਾਨ ਨੇ ਕਿਹਾ ਕਿ, ਪੰਥ ਦਾ ਨਾਮ ਵਰਤ ਕੇ ਵੋਟਾਂ ਮੰਗਣ ਵਾਲਿਆਂ ਨੇ ਆਪਣਿਆਂ ਤੋਂ ਇਲਾਵਾ ਹੋਰ ਕਿਸੇ ਬਾਰੇ ਨਹੀਂ ਸੋਚਿਆ... ਦਿਲ ਨੂੰ ਦੁੱਖ ਇਸ ਗੱਲ ਦਾ ਹੈ ਕਿ ਜੋ ਕੰਮ ਪਹਿਲਾਂ ਹੋ ਸਕਦਾ ਸੀ ਉਹ ਅੱਜ ਸਾਨੂੰ ਕਰਨਾ ਪੈ ਰਿਹਾ... ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਜਾ ਰਹੀ ਹੈ... ਜਿਸ ਦਾ ਨਾਮ ਪੰਜਾਬ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਸਦ ‘ਚ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀਆਂ ਨਹਿਰਾਂ ਦਾ ਮੁੱਦਾ ਚੁੱਕਿਆ ਜਿਸ ਦੀ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹਾਂ ਪਰ ਇਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਸੀਐੱਮ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਦੇਸ਼ ਦੀ ਆਜ਼ਾਦੀ 1947 ਤੋਂ ਬਾਅਦ ਪੰਜਾਬ ਵਿੱਚ ਇਹ ਪਹਿਲੀ ਨਹਿਰ ਬਣਨ ਜਾ ਰਹੀ ਹੈ।