ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਫ਼ਰੰਡਮ 2020 ਕਰਵਾਉਣ ਵਾਲੀ ਸੰਸਥਾ ਸਿੱਖਜ਼ ਫਾਰ ਜਸਟਿਸ ਨੂੰ ਕਰਤਾਰਪੁਰ ਲਾਂਘੇ ਨਾਲ ਜੋੜ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕੈਪਟਨ ਨੂੰ ਘੇਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਰਤਾਰਪੁਰ ਲਾਂਘੇ ਨੂੰ ਸਿੱਖਜ਼ ਫਾਰ ਜਸਟਿਸ ਨਾਲ ਜੋੜਨਾ ਗਲਤ ਹੈ।


ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਸਿੱਖਾਂ ਦੀਆਂ ਭਾਵਨਾਵਾਂ ਦਾ ਸਵਾਲ ਹੈ ਪਰ ਕੈਪਟਨ ਲਾਂਘੇ ਨੂੰ ਖੋਲ੍ਹਣ ਤੋਂ ਰੋਕਣਾ ਚਾਹੁੰਦੇ ਹਨ। ਇਸ ਲਈ ਹੀ ਉਹ ਲਗਾਤਾਰ ਇਸ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਸਿੱਖਜ਼ ਫਾਰ ਜਸਟਿਸ ਖਿਲਾਫ਼ ਸਬੂਤ ਹਨ ਤਾਂ ਕਾਰਵਾਈ ਕਰਨੀ ਚਾਹੀਦੀ ਹੈ।

ਯਾਦ ਰਹੇ ਕੈਪਟਨ ਨੇ ਲਾਂਘਾ ਖੋਲ੍ਹਣਾ ਪਾਕਿਸਤਾਨ ਦੀ ਸਾਜ਼ਿਸ਼ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਐਸਐਫਜੇ ਪਾਕਿਸਤਾਨ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ। ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਵੀ ਪਾਕਿ ਫੌਜ ਦੀ ਚਾਲ ਦੱਸਿਆ ਸੀ।

ਕੈਪਟਨ ਨੇ ਸਿੱਖਸ ਫਾਰ ਜਸਟਿਸ ਦਾ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਇੱਕਮਿੱਕ ਹੋਣ ਦਾ ਦੋਸ਼ ਲਾਇਆ ਸੀ। ਕੈਪਟਨ ਦਾ ਇਹ ਬਿਆਨ ਐਸਐਫਜੇ ਵੱਲੋਂ ਪਾਕਿਸਤਾਨ ਤੋਂ ਪੰਜਾਬ ਨੂੰ 'ਆਜ਼ਾਦ' ਕਰਵਾਉਣ ਲਈ ਰੈਫ਼ਰੰਡਮ 2020 ਕਰਵਾਉਣ ਵਿੱਚ ਮਦਦ ਮੰਗਣ ਮਗਰੋਂ ਆਇਆ ਸੀ।

ਐਸਐਫਜੇ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਕਨਵੈਨਸ਼ਨ-2019 ਕਰਵਾਉਣਗੇ। ਐਸਐਫਜੇ ਦੀ ਪਾਕਿਸਤਾਨ ਨੂੰ ਕੀਤੀ ਅਰਜ਼ੋਈ ਤੋਂ ਬਾਅਦ ਕੈਪਟਨ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਰੜੇ ਹੱਥੀਂ ਲਿਆ।