ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਰਗਾੜੀ ਬੇਅਦਬੀ ਮੁੱਦੇ 'ਤੇ ਮਗਰਮੱਛੀ ਹੰਝੂ ਨਾ ਵਹਾਉਣ ਦੀ ਗੱਲ ਕਹੀ ਹੈ। ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਦਾ ਕੋਈ ਢੁੱਕਵਾਂ ਹੱਲ ਜ਼ਰੂਰ ਕੱਢੇਗੀ।


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੇਅਦਬੀ ਮਾਮਲੇ ਦੀ ਪੜਤਾਲ ਕਰ ਰਹੀ ਸੀਬੀਆਈ ਨੇ ਕੇਸ ਬੰਦ ਕਰਨ ਲਈ ਅਦਾਲਤ ਵਿੱਚ ਅਰਜ਼ੀ ਦੇ ਦਿੱਤੀ ਸੀ। ਇਸ ਤੋਂ ਬਾਅਦ ਅਕਾਲੀ ਦਲ ਨੇ ਵੀ ਇਸ ਕਲੋਜ਼ਰ ਰਿਪੋਰਟ ਨੂੰ ਖਾਰਜ ਕਰਨ ਦਾ ਐਲਾਨ ਕਰਦਿਆਂ ਆਪਣੀ ਵਕੀਲਾਂ ਦੀ ਟੀਮ ਨਾਲ ਇਸ ਰਿਪੋਰਟ ਦੀ ਅਦਾਲਤ ਵਿੱਚ ਖ਼ਿਲਾਫ਼ਤ ਕਰਨ ਦੀ ਗੱਲ ਕਹੀ ਸੀ। ਕੈਪਟਨ ਨੇ ਕਿਹਾ ਹੈ ਕਿ ਬਾਦਲ ਇਸ ਮੁੱਦੇ ਪ੍ਰਤੀ ਬਿਆਨਬਾਜ਼ੀ ਦਾ ਵਿਖਾਵਾ ਕਰਕੇ ਲੋਕਾਂ ਨੂੰ ਬੇਵਕੂਫ ਨਾ ਬਣਾਉਣ।

ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਵਾਪਰਨ ਸਮੇਂ ਸੁਖਬੀਰ ਬਾਦਲ ਖ਼ੁਦ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਨ ਅਤੇ ਉਹ ਹੀ ਪਹਿਲੇ ਤਿੰਨ ਮਾਮਲਿਆਂ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਇਸ ਰਿਪੋਰਟ ਨੂੰ ਅਦਾਲਤ ਵਿੱਚ ਚੁਨੌਤੀ ਦੇਣ ਦੀ ਗੱਲ ਕਹਿ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਵਕੀਲ ਯਾਨੀ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਮਾਮਲੇ ਵਿੱਚ ਕਾਨੂੰਨੀ ਹੱਲ ਤਲਾਸ਼ਣ ਲਈ ਵੀ ਨਿਰਦੇਸ਼ ਦਿੱਤੇ ਹਨ।