ਬਟਾਲਾ: 4 ਅਗਸਤ ਦੀ ਸ਼ਾਮ ਨੂੰ ਬਟਾਲਾ ਦੀ ਇੱਕ ਪਟਾਖਾ ਫੈਕਟਰੀ ‘ਚ ਧਮਾਕਾ ਹੋਇਆ ਸੀ। ਜਿਸ ‘ਚ 23 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹੋਏ ਸੀ। ਇਸ ਤੋਂ ਬਾਅਦ ਕਈ ਸਿਆਸਤਦਾਨਾਂ ਨੇ ਇਸ ਹਾਦਸੇ ‘ਤੇ ਦੁਖ ਜ਼ਾਹਿਰ ਕੀਤਾ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਆਵਜੇ ਦੇ ਨਾਲ ਜਾਂਚ ਦਾ ਐਲਾਨ ਵੀ ਕੀਤਾ ਹੈ।


ਇਸ ਤੋਂ ਬਾਅਦ ਅੱਜ ਮੁੱਖ ਮੰਤਰੀ ਬਟਾਲਾ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ।   ਇਸ ਦੇ ਨਾਲ ਹੀ ਸਿਵਲ ਹਸਪਤਾਲ ‘ਚ ਇਲਾਜ ਕਰਵਾ ਰਹੇ ਪੀੜਤਾਂ ਦਾ ਹਾਲ ਜਾਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਨਗੇ।



ਦੱਸ ਦਈਏ ਕਿ ਸੀਐਮ ਦੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਪਹਿਲਾਂ ਇਸ ਥਾਂ ਨੂੰ ਕਵਰ ਕਰ ਦਿੱਤਾ ਗਿਆ ਹੈ, ਨਾਲ ਹੀ ਮੀਡੀਆ ਕਰਮੀਆਂ ਨੂੰ ਵੀ ਨੇੜੇ ਜਾਣ ਦੀ ਇਜਾਜ਼ਤ ਨਹੀ ਹੈ।

ਘਟਨਾ ਨੂੰ ਵਾਪਰੇ ਕਾਫੀ ਸਮਾਂ ਲੰਘ ਚੁੱਕਿਆ ਹੈ ਪਰ ਅਜੇ ਤਕ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਲਈ ਕੈਪਟਨ ਸਰਕਾਰ ਨੇ ਕੋਈ ਸਖ਼ਤ ਕਦਮ ਨਹੀ ਚੁੱਕੇ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਖਿਲਾਫ ਕੋਈ ਪੁਖਤਾ ਕਾਰਵਾਈ ਕੀਤੀ ਗਈ ਹੈ।



ਦੂਜੇ ਪਾਸੇ ਸੂਬੇ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਬਟਾਲਾ ਹਾਦਸੇ ‘ਚ ਪੀੜਤਾਂ ਦਾ ਹਾਲ ਜਾਨਣ ਲਈ ਸਿਵਲ ਹਸਪਤਾਲ ਪਹੁੰਚ ਚੁੱਕੇ ਹਨ। ਬੀਤੇ ਦਿਨੀਂ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਵੀ ਇੱਥੇ ਪਹੁੰਚ ਗਏ ਸੀ।