ਚੰਡੀਗੜ੍ਹ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨਾਲ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਕੀਤੀ ਹੈ। ਮੀਟਿੰਗ ਮਗਰੋਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਦੀਆਂ ਬਹੁਤੀਆਂ ਮੰਗਾਂ ਮੰਨ ਲਈਆਂ ਹਨ। ਕਰਜ਼ਾ ਮੁਆਫ਼ੀ ਸਬੰਧੀ ਅਗਲੀ ਮੀਟਿੰਗ 23 ਨਵੰਬਰ ਨੂੰ ਹੀ ਹੋਵੇਗੀ। ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵਧਾ ਕੇ 17000 ਪ੍ਰਤੀ ਏਕੜ ਕਰ ਦਿੱਤਾ ਗਿਆ ਹੈ।


ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ 26 ਜੂਨ ਨੂੰ ਕਿਸਾਨਾਂ ਖਿਲਾਫ ਦਰਜ ਕੇਸਾਂ ਬਾਰੇ ਮੁੱਖ ਮੰਤਰੀ ਚੰਨੀ ਨੂੰ ਨਾਲ ਲੈ ਕੇ ਰਾਜਪਾਲ ਨੂੰ ਮਿਲਿਆ ਜਾਏਗਾ। ਨਕਲੀ ਬੀਜਾਂ ਦੀ ਜਾਂਚ ਹੋਏਗੀ ਤੇ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਏਗਾ। ਕਿਸਾਨਾਂ ਤੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਬਣਾਈ ਜਾਏਗੀ। ਡੀਏਪੀ ਤੇ ਯੂਰੀਆ ਖਾਦ ਦੀ ਕਿੱਲਤ 22 ਨਵੰਬਰ ਤੱਕ ਖਤਮ ਹੋ ਜਾਏਗੀ।

ਦੱਸ ਦਈਏ ਕਿ ਮੀਟਿੰਗ ਤੋਂ ਪਹਿਲਾਂ ਹਾਲਾਤ ਤਣਾਅ ਵਾਲੇ ਬਣ ਗਏ ਸੀ। ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਸਿਕਿਉਰਟੀ 'ਤੇ ਧੱਕੇ ਮਾਰਨ ਦੇ ਇਲਜ਼ਾਮ ਲਾਏ ਗਏ ਸੀ। ਇਸ ਕਰਕੇ ਕਿਸਾਨਾਂ ਨੇ ਮੀਟਿੰਗ 'ਚ ਨਾ ਜਾਣ ਦਾ ਫੈਸਲਾ ਲੈ ਲਿਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਇਸ ਰਵੱਈਏ ਲਈ ਮੁਆਫ਼ੀ ਮੰਗਣ ਪਰ ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ।

ਇਸ ਮੌਕੇ ਹਲਾਤ ਕਾਫੀ ਤਣਾਅ ਵਾਲੇ ਬਣ ਗਏ ਤੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਮੁੱਖ ਮੰਤਰੀ ਨੇ ਖੁਦ ਬਾਹਰ ਆ ਕੇ ਕਿਸਾਨਾਂ ਨੂੰ ਮਨਾਇਆ ਜਿਸ ਮਗਰੋਂ ਕਿਸਾਨ ਮੀਟਿੰਗ ਲਈ ਅੰਦਰ ਚਲੇ ਗਏ। ਕਿਸਾਨਾਂ ਮੁਤਾਬਕ ਮੀਟਿੰਗ ਦਾ ਸਮਾਂ 11 ਵਜੇ ਤੈਅ ਸੀ। ਇਸ ਦੇ ਨਾਲ ਹੀ ਕਿਸਾਨਾਂ ਨੇ ਪੁੱਛਿਆ ਕਿ ਆਖਰ ਪਹਿਲਾਂ ਉਗਰਾਹਾਂ ਜਥੇਬੰਦੀ ਨਾਲ 10 ਵਜੇ ਮੀਟਿੰਗ ਕਿਉਂ ਕੀਤੀ।

ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੇ ਮਸਲੇ ਬਗੈਰ ਕਹੇ ਹੱਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮੁੱਦੇ ਲੀਡਰਾਂ ਨੂੰ ਪਾਰਲੀਮੈਂਟ ਵਿੱਚ ਉਠਾਉਣ ਦੀ ਵੀ ਮੰਗ ਕਰਾਂਗੇ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਬੀਜੇਪੀ ਨੂੰ ਕਿਸਾਨਾਂ ਦੀ ਵੀ ਆਵਾਜ਼ ਸੁਣਨੀ ਚਾਹੀਦੀ ਹੈ। 29 ਨਵੰਬਰ ਨੂੰ ਪਾਰਲੀਮੈਂਟ ਵੱਲ ਮਾਰਚ ਕੱਢਿਆ ਜਾਣਾ ਹੈ।