ਮਨਪ੍ਰੀਤ ਕੌਰ ਦੀ ਰਿਪੋਰਟ
Punjab Election result 2022 : ਪੰਜਾਬ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ ਮੰਤਰੀ ਆਪਣਾ ਅਸਤੀਫਾ ਦੇ ਰਹੇ ਹਨ ਅਤੇ ਅੱਜ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਸੀਐਮ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਰਾਜ ਭਵਨ ਪਹੁੰਚ ਕੇ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ ਹੈ।
ਦਸ ਦਈਏ ਕਿ ਚਰਨਜੀਤ ਸਿੰਘ ਚੰਨੀ ਨੇ ਦੋ ਸੀਟਾਂ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣਾਂ ਲੜੀਆਂ ਸਨ ਅਤੇ ਦੋਵਾਂ ਹੀ ਸੀਟਾਂ ਤੋਂ 'ਆਪ' ਉਮੀਦਵਾਰਾਂ ਦੇ ਹੱਥੋਂ ਕਰਾਰੀ ਹਾਰ ਮਿਲੀ। ਭਦੌੜ ’ਚ ‘ਆਪ’ ਦੇ ਲਾਭ ਸਿੰਘ ਉੱਗੋਕੇ ਤੇ ਚਮਕੌਰ ਸਾਹਿਬ ’ਚ ਡਾ. ਚਰਨਜੀਤ ਸਿੰਘ ਨੇ ਹਰਾਇਆ। ਅਹਿਮ ਗੱਲ਼ ਹੈ ਕਿ ਚਮਕੌਰ ਸਾਹਿਬ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਸੀ ਜਿੱਥੋਂ ਉਹ ਤਿੰਨ ਵਾਰ ਜੇਤੂ ਰਹੇ ਸਨ।
ਚਮਕੌਰ ਸਾਹਿਬ ਦੀ ਜਨਤਾ ਨੇ ਕਿਉਂ ਨਕਾਰਿਆ?
ਸੂਤਰਾਂ ਦਾ ਕਹਿਣਾ ਹੈ ਕਿ ਚੰਨੀ ਨੇ ਆਪਣੇ ਹਲਕੇ ਚਮਕੌਰ ਸਾਹਿਬ ਲਈ ਤਾਂ ਕਈ ਕੰਮ ਵੀ ਸ਼ੁਰੂ ਕਰਵਾਏ ਸੀ ਪਰ ਫਿਰ ਵੀ ਉਹ ਹਾਰ ਗਏ। ਹਲਕੇ ਜੇ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਕਾਰਨ ਰਹੇ ਜਿਨ੍ਹਾਂ ਕਾਰਨ ਉਹ ਚੋਣ ਹਾਰ ਗਏ। ਇਨ੍ਹਾਂ ਵਿੱਚੋਂ ਸਭ ਤੋਂ ਮੁੱਖ ਕਾਰਨ ਮੁੱਖ ਮੰਤਰੀ ਦਾ ਆਪਣੇ ਵੋਟਰਾਂ ਨਾਲ ਸਿੱਧਾ ਰਾਬਤਾ ਨਾ ਰੱਖਣਾ, ਪਿੰਡਾਂ ਸ਼ਹਿਰਾਂ ਦੇ ਵਰਕਰਾਂ ਨੂੰ ਪਿੱਛੇ ਕਰ ਕੇ ਹੋਰ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦੇਣੀ, ਹਲਕੇ ਦੇ ਨੌਜਵਾਨਾਂ ਨੂੰ ਨੌਕਰੀਆਂ ਨਾ ਦਿਵਾਉਣਾ, ਮੋਰਿੰਡਾ, ਚੰਡੀਗੜ੍ਹ ਤੇ ਖਰੜ ਸਥਿਤ ਦਫ਼ਤਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਸਹੀ ਟੀਮ ਦੀ ਚੋਣ ਨਾ ਕਰਨਾ ਤੇ ਇਨ੍ਹਾਂ ਦਫ਼ਤਰਾਂ ਵਿੱਚ ਬਿਠਾਏ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਬੇਰੁਖੀ ਨਾਲ ਪੇਸ਼ ਆਉਣਾ ਆਦਿ ਸ਼ਾਮਲ ਹਨ।
ਦੱਸ ਦਈਏ ਕਿ ਹਲਕਾ ਚਮਕੌਰ ਸਾਹਿਬ ਵਿੱਚ ‘ਆਪ’ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 7000 ਤੋਂ ਵਧ ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਡਾ. ਚਰਨਜੀਤ ਸਿੰਘ ਨੂੰ 69,981 ਵੋਟਾਂ ਮਿਲੀਆਂ ਜਦਕਿ ਚੰਨੀ ਨੂੰ 62,148, ਅਕਾਲੀ ਦਲ (ਅੰਮ੍ਰਿਤਸਰ) ਦੇ ਲਖਬੀਰ ਸਿੰਘ ਨੂੰ 6,969, ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਨੂੰ 3,788 ਤੇ ਭਾਜਪਾ ਦੇ ਦਰਸ਼ਨ ਸਿੰਘ ਸ਼ਿਵਜੋਤ ਨੂੰ 2,494 ਵੋਟਾਂ ਮਿਲੀਆਂ।